ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਸਮਰੱਥ ਪੰਚਾਇਤਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਕੁੱਝ ਫੰਡ ਦੇਣ ਦੀ ਕੀਤੀ ਅਪੀਲ
ਕਿਹਾ : ਹੜ੍ਹ ਪੀੜਤ ਲੋਕਾਂ ਲਈ ਚੁੱਕਿਆ ਗਿਆ ਇਹ ਕਦਮ ਕਰੇਗਾ ਹਮਦਰਦੀ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਦੇ ਕਾਰਜ ਕਰਵਾਉਣ ਲਈ ਸਮਰੱਥ ਪੰਚਾਇਤਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਵਿੱਚ ਤੁਰੰਤ ਰਾਹਤ ਕਾਰਜ ਲੋੜੀਂਦੇ ਹਨ। ਹੜ੍ਹਾਂ ਕਾਰਨ ਪਿੰਡਾਂ ਵਿੱਚ ਇੱਕਠਾ ਹੋਇਆ ਮਲਬਾ, ਗਾਰਾ ਤੇ ਮਰੇ ਹੋਏ ਪਸ਼ੂਆਂ ਦੀ ਤੁਰੰਤ ਡਿਸਪੋਜਲ ਲੋੜੀਂਦੀ ਹੈ ਅਤੇ ਇਸ ਦੇ ਨਾਲ ਹੀ ਪੰਚਾਇਤਾਂ ਦੇ ਬੁਨਿਆਦੀ ਢਾਚਿਆਂ ਨੂੰ ਹੋਏ ਨੁਕਸਾਨ ਕਾਰਨ ਇਨ੍ਹਾਂ ਦੀ ਮੁਰੰਮਤ ਕਰਵਾਈ ਜਾਣੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਪੰਚਾਇਤਾਂ ਕੋਲ ਉਨ੍ਹਾਂ ਦੀ ਜ਼ਮੀਨ ਗ੍ਰਹਿਣ ਹੋਣ ਕਾਰਨ ਕਰੋੜਾਂ ਰੁਪਏ ਦੀ ਰਾਸ਼ੀ ਬੈਂਕਾਂ ਵਿੱਚ ਐਫ.ਡੀ. ਦੇ ਰੂਪ ਵਿੱਚ ਜਮ੍ਹਾਂ ਹੈ। ਜੇਕਰ ਪੰਚਾਇਤਾਂ ਇਨ੍ਹਾਂ ਫੰਡਾਂ ਵਿੱਚੋਂ ਕੁਝ ਫੰਡ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜਾਂ ਲਈ ਦਿੰਦੀਆਂ ਹਨ ਤਾਂ ਇਹ ਕਦਮ ਹੜ੍ਹ ਪੀੜਤ ਲੋਕਾਂ ਲਈ ਮਾਨਵਤਾਵਾਦੀ ਆਧਾਰ ’ਤੇ ਇਕ ਮਹੱਤਵਪੂਰਨ ਕਦਮ ਹੋਵੇਗਾ ਅਤੇ ਹੜ੍ਹ ਪੀੜਤ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰੇਗਾ।
ਉਨ੍ਹਾਂ ਅਪੀਲ ਕੀਤੀ ਕਿ ਇਸ ਮੰਤਵ ਲਈ ਪੰਚਾਇਤਾਂ ਜ਼ਮੀਨ ਗ੍ਰਹਿਣ ਹੋਣ ਦੇ ਇਵਜ਼ ਵਿੱਚ ਪ੍ਰਾਪਤ ਹੋਈ ਰਾਸ਼ੀ ਦੀ ਐਫ.ਡੀ. ਵਿੱਚ ਪਈ ਰਕਮ ਵਿੱਚੋਂ ਮੂਲ ਰਾਸ਼ੀ ਦਾ 5 ਫੀਸਦੀ ਹਿੱਸਾ ਹੜ੍ਹ ਰਾਹਤ ਕਾਰਜਾਂ ਲਈ ਦੇਣ।