ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਪਲੇਟ ਤੱਕ ਪਹੁੰਚਾਉਣ ਵਾਲੀ ਵੈਲਿਊ ਚੇਨ ਨੂੰ ਮਜ਼ਬੂਤ ਕੀਤਾ ਜਾ ਰਿਹੈ: ਰਾਖੀ ਗੁਪਤਾ ਭੰਡਾਰੀ

Punjab exploring possibilities of getting GI tag for Amritsari Kulcha

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਦੇ ਖਾਣੇ ਦੀ ਵਿਲੱਖਣ ਪਛਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਤੇ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਪ੍ਰਸਿੱਧ ਪਕਵਾਨ ਅੰਮ੍ਰਿਤਸਰੀ ਕੁਲਚਾ ਲਈ ਜਿਊਗ੍ਰਾਫੀਕਲ ਇੰਡੀਕੇਸ਼ਨ (ਜੀ.ਆਈ.) ਟੈਗ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜੀ.ਆਈ. ਟੈਗ ਖਾਸ ਭੂਗੋਲਿਕ ਖੇਤਰ, ਜਿਵੇਂ ਕਿ ਵਿਸ਼ੇਸ਼ ਇਲਾਕੇ, ਕਸਬੇ ਜਾਂ ਦੇਸ਼ ਦੇ ਸਬੰਧ ਵਿੱਚ ਵਿਲੱਖਣ ਗੁਣਵੱਤਾ, ਸ਼ਾਖ ਜਾਂ ਵਿਸ਼ੇਸ਼ਤਾ ਰੱਖਣ ਵਾਲੇ ਉਤਪਾਦਾਂ ਨੂੰ ਪ੍ਰਦਾਨ ਕੀਤਾ ਜਾਣ ਵਾਲਾ ਇੱਕ ਲੇਬਲ ਹੈ।

ਇਹ ਪ੍ਰਗਟਾਵਾ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਪਹਿਲਕਦਮੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈ ਮੀਟਿੰਗ ਦੌਰਾਨ ਕੀਤਾ। ਮੀਟਿੰਗ ਵਿੱਚ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰ, ਉਦਯੋਗਿਕ ਸੰਗਠਨਾਂ ਅਤੇ ਮੁਰੱਬਾ, ਅਚਾਰ, ਬਾਸਮਤੀ ਚੌਲ, ਸ਼ਹਿਦ ਅਤੇ ਗੁੜ ਦੇ ਪ੍ਰੋਸੈਸਿੰਗ ਯੂਨਿਟਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

 ਜੀ.ਆਈ. ਟੈਗ ਪ੍ਰਾਪਤ ਕਰਨ ਦੇ ਫਾਇਦਿਆਂ ‘ਤੇ ਚਾਨਣਾ ਪਾਉਂਦਿਆਂ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਇਹ ਨਾ ਸਿਰਫ਼ ਇਸ ਪਵਿੱਤਰ ਸ਼ਹਿਰ ਦੇ ਵਿਲੱਖਣ ਖਾਣੇ ਦੀ ਵਿਰਾਸਤ ਨੂੰ ਹੁਲਾਰਾ ਦੇਵੇਗਾ ਬਲਕਿ ਬ੍ਰਾਂਡਿੰਗ, ਨਿਰਯਾਤ, ਬਾਜ਼ਾਰ ਦੇ ਵਿਸਥਾਰ ਲਈ ਨਵੇਂ ਮੌਕੇ ਵੀ ਪੈਦਾ ਕਰੇਗਾ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ।

ਉਨ੍ਹਾਂ ਨੇ ਫੂਡ ਐਗਰੋ-ਪ੍ਰੋਸੈਸਿੰਗ ਖੇਤਰ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਇਸ ਨੂੰ "ਸਨਸ਼ਾਈਨ ਇੰਡਸਟਰੀ" ਦੱਸਿਆ ਕਿਉਂਕਿ ਇਸ ਖੇਤਰ ਵਿੱਚ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦੀ ਅਥਾਹ ਸੰਭਾਵਨਾ ਹੈ। ਉਨ੍ਹਾਂ ਨੇ ਇਸ ਖੇਤਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਲਈ ਮਜ਼ਬੂਤ ਲਿੰਕ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਮੁੱਖ ਸਕੱਤਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਐਗਰੋ-ਫੂਡ ਪ੍ਰੋਸੈਸਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਸਬੰਧੀ ਵਚਨਵੱਧਤਾ ਦਹੁਰਾਈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਕਾਦਮਿਕ-ਉਦਯੋਗ ਪਾੜੇ ਨੂੰ ਪੂਰਨ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਲੋਕਾਂ ਦੀ ਪਲੇਟ ਤੱਕ ਪਹੁੰਚਾਉਣ ਵਾਲੀ ਮੁਕੰਮਲ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਰਵਿਘਨ ਅਤੇ ਕੁਸ਼ਲ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਮੀਟਿੰਗ ਵਿੱਚ ਪੰਜਾਬ ਦੇ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਮੁੱਖ ਉਦਯੋਗਿਕ ਮੰਗਾਂ ਅਤੇ ਸੰਭਾਵੀ ਹੱਲਾਂ 'ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਨਵੀਨਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਫੂਡ ਪਾਰਕ ਅਤੇ ਤਕਨਾਲੋਜੀ ਐਕਸਚੇਂਜ ਪਲੇਟਫਾਰਮ ਸਥਾਪਤ ਕਰਨ ‘ਤੇ ਵੀ ਚਰਚਾ ਕੀਤੀ ਗਈ।