ਪੰਜਾਬ ਦਾ 90% ਪਾਣੀ ਖੇਤੀਬਾੜੀ ਲਈ ਇਸਤੇਮਾਲ ਹੁੰਦਾ ਹੈ : ਧਰਮਿੰਦਰ ਸ਼ਰਮਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਇਕ ਦਿਨ ਪਾਣੀ ਨੇ ਖ਼ਤਮ ਹੋਣਾ ਹੀ ਹੋਣਾ ਹੈ

Dharminder Sharma

ਚੰਡੀਗੜ੍ਹ :  ਨੈਸ਼ਨਲ ਵਾਟਰ ਮਿਸ਼ਨ ਵਲੋਂ ਦੇਸ਼ ਭਰ ਵਿਚ ਐਲਾਨੇ ਕੁਲ 23 ਐਵਾਰਡਾਂ ਵਿਚੋਂ ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਨੂੰ 'ਜਲ ਸੰਭਾਲ, ਵਾਧਾ ਅਤੇ ਸੁਰੱਖਿਆ ਲਈ ਨਾਗਰਿਕ ਅਤੇ ਰਾਜ ਪਧਰੀ ਉੱਦਮਾਂ ਨੂੰ ਉਤਸ਼ਾਹਤ ਕਰਨਾ' ਸ਼੍ਰੇਣੀ ਅਧੀਨ ਪਿਛਲੇ ਦਿਨੀਂ ਐਵਾਰਡ ਮਿਲਿਆ ਸੀ। ਇਸ ਸਨਮਾਨ ਸਮਾਰੋਹ ਦਾ ਆਯੋਜਨ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ 6ਵੇਂ ਇੰਡੀਆ ਵਾਟਰ ਵੀਕ-2019 ਦੌਰਾਨ ਕੀਤਾ ਗਿਆ ਸੀ। ਪੰਜਾਬ ਨੇ ਇਹ ਐਵਾਰਡ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ਫਗਵਾੜਾ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੇ ਟ੍ਰੀਟਡ ਪਾਣੀ ਦੀ ਸਿੰਚਾਈ ਲਈ ਸੁਚੱਜੀ ਵਰਤੋਂ ਕਰਨ ਸਬੰਧੀ ਐਵਾਰਡ ਜਿੱਤਿਆ ਹੈ। ਪੰਜਾਬ ਸਰਾਕਰ ਤਰਫ਼ੋਂ ਇਹ ਐਵਾਰਡ ਮੁੱਖ ਭੂਮੀ ਪਾਲ ਧਰਮਿੰਦਰ ਸ਼ਰਮਾ ਨੇ ਪ੍ਰਾਪਤ ਕੀਤਾ ਸੀ।

ਧਰਮਿੰਦਰ ਸ਼ਰਮਾ ਨਾਲ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਇਕ ਸਿੰਜਾਈ ਪ੍ਰਾਜੈਕਟ ਹੈ। ਸਾਲ 2017 ਵਿਚ ਫਗਵਾੜਾ ਐਸ.ਟੀ.ਪੀ. ਤੋਂ ਟ੍ਰੀਟਡ ਪਾਣੀ ਦੇ ਸੰਚਾਰ ਲਈ ਲਗਭਗ 12 ਕਿਲੋਮੀਟਰ ਲੰਮਾ ਜਮੀਨਦੋਜ਼ ਪਾਈਪਲਾਈਨ ਨੈਟਵਰਕ ਮੁਕੰਮਲ ਕੀਤਾ ਗਿਆ। ਇਸ ਐਸ.ਟੀ.ਪੀ ਦਾ ਡਿਸਚਾਰਜ 28 ਐਮ.ਐਲ.ਡੀ ਹੈ ਅਤੇ ਟ੍ਰੀਟਡ ਪਾਣੀ ਨਾਲ 260 ਕਿਸਾਨ ਪਰਵਾਰਾਂ ਦੇ ਲਗਭਗ 1050 ਏਕੜ ਰਕਬੇ ਦੀ ਸਿੰਚਾਈ ਹੋ ਰਹੀ ਹੈ। ਸਤਹੀ ਜਲ ਸਰੋਤ ਦੀ ਅਣਹੋਂਦ ਕਾਰਣ ਸਿੰਚਾਈ ਲੋੜ ਨੂੰ ਪੂਰਾ ਕਰਨ ਲਈ ਇਹ ਰਕਬਾ ਪੂਰੀ ਤਰ੍ਹਾਂ ਧਰਤੀ ਹੇਠ ਪਾਣੀ ਤੇ ਨਿਰਭਰ ਹੈ, ਜਿਸ ਕਾਰਨ ਧਰਤੀ ਹੇਠ ਪਾਣੀ ਦਾ ਪੱਧਰ ਬਹੁਤ ਘੱਟ ਗਿਆ ਹੈ। ਇਸ ਪ੍ਰਾਜੈਕਟ ਤੋਂ ਸਾਰਾ ਸਾਲ ਐਸ.ਟੀ.ਪੀ. ਦਾ ਟ੍ਰੀਟਡ ਪਾਣੀ ਉਪਲੱਬਧ ਹੋਣ ਕਰ ਕੇ ਕਿਸਾਨਾਂ ਦੀ ਧਰਤੀ ਹੇਠ ਪਾਣੀ ਤੇ ਨਿਰਭਰਤਾ ਘਟੀ ਹੈ। ਇਸ ਟ੍ਰੀਟਡ ਪਾਣੀ ਨਾਲ 4 ਪਿੰਡਾਂ ਦੇ ਲੋਕਾਂ ਦੀ ਸਿੰਜਾਈ ਲੋੜ ਪੂਰੀ ਹੋਈ ਹੈ।

ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਟ੍ਰੀਟਮੈਂਟ ਪਲਾਂਟ 'ਚੋਂ ਨਿਕਲੇ ਪਾਣੀ ਦੀ ਸੱਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ 'ਚ ਨਾਈਟ੍ਰੋਜ਼ਨ, ਖਾਦ ਆਦਿ ਦੀ ਮਾਤਰਾ ਵੀ ਜ਼ਿਆਦਾ ਹੈ। ਇਸ ਲਈ ਕਿਸਾਨਾਂ ਨੂੰ ਬਾਹਰੋਂ ਘੱਟ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਨਾਲ ਲੋਕਾਂ ਦੇ ਪੈਸੇ ਦੀ ਬਚਤ ਵੀ ਹੋ ਰਹੀ ਹੈ ਅਤੇ ਖ਼ਰਚਾ ਵੀ ਘੱਟ ਰਿਹਾ ਹੈ। ਇਸ ਟ੍ਰੀਟਮੈਂਟ ਪਲਾਂਟ 'ਚ ਪੂਰੇ ਫਗਵਾੜਾ ਸ਼ਹਿਰ ਦਾ ਗੰਦਾ ਪਾਣੀ ਇਕੱਤਰ ਹੁੰਦਾ ਹੈ ਅਤੇ ਇਸ ਨੂੰ ਅੱਗੇ ਸਿੰਜਾਈ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਸ਼ਹਿਰ ਪਾਣੀ ਪੱਖੋਂ ਖ਼ਤਰੇ 'ਤੇ ਨਿਸ਼ਾਨ 'ਤੇ ਪਹੁੰਚਿਆ ਹੋਇਆ ਹੈ। 370% ਕੁਲ ਪਾਣੀ ਫਗਵਾੜਾ ਬਲਾਕ 'ਚ ਕੱਢਿਆ ਜਾਂਦਾ ਹੈ। ਮਤਲਬ ਜੇ 100% ਪਾਣੀ ਜ਼ਮੀਨ 'ਚ ਜਾਂਦਾ ਹੈ ਤਾਂ 370% ਅਸੀ ਬਾਹਰ ਕੱਢ ਲੈਂਦੇ ਹਾਂ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਕ ਨਾ ਇਕ ਦਿਨ ਪਾਣੀ ਨੇ ਖ਼ਤਮ ਹੋਣਾ ਹੀ ਹੈ।

ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਜਦੋਂ ਤੋਂ ਇਹ ਪ੍ਰਾਜੈਕਟ ਫਗਵਾੜਾ ਬਲਾਕ 'ਚ ਲੱਗਿਆ ਹੈ ਉਦੋਂ ਤੋਂ ਜਿਹੜਾ ਪਾਣੀ ਦਾ ਪੱਧਰ 3-4 ਫੁੱਟ ਘੱਟਦਾ ਸੀ, ਉਸ 'ਤੇ ਰੋਕ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਟ੍ਰੀਪਟ ਪਾਣੀ ਅੱਗੇ ਸਿੰਜਾਈ ਲਈ ਭੇਜਿਆ ਜਾਂਦਾ ਹੈ, ਉਸ ਦੀ ਬਕਾਇਦਾ ਸਮੇਂ-ਸਮੇਂ ਸਿਰ ਜਾਂਚ ਹੁੰਦੀ ਹੈ ਤਾਂ ਕਿ ਫਸਲਾਂ ਤੋਂ ਕੋਈ ਬੀਮਾਰੀ ਨਾ ਫ਼ੈਲੇ। ਉਨ੍ਹਾਂ ਦੱਸਿਆ ਕਿ ਅਜਿਹੇ 33 ਪ੍ਰਾਜੈਕਟ ਪੰਜਾਬ 'ਚ ਸਥਾਪਤ ਹੋ ਚੁੱਕੇ ਹਨ। ਇਸ ਪ੍ਰਾਜੈਕਟ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਵਾਟਰ ਯੂਜਰ ਏਜੰਸੀ ਨਾਂ ਤੋਂ ਐਸੋਸੀਏਸ਼ਨ ਬਣਾਈ ਗਈ ਹੈ, ਜਿਸ 'ਚ ਪੰਚਾਇਤਾਂ, ਸਰਕਾਰ ਅਤੇ ਲੋਕ ਰਲ-ਮਿਲ ਕੇ ਕੰਮ ਕਰਦੇ ਹਨ। ਅਜਿਹੇ ਪ੍ਰਾਜੈਕਟ ਉਸਾਰਣ ਵਾਲਾ ਪੰਜਾਬ ਇਕ ਮੋਹਰੀ ਸੂਬਾ ਹੈ ਅਤੇ ਰਾਜ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ 1700 ਐਮ.ਐਲ.ਡੀ ਗੰਦੇ ਪਾਣੀ ਨੂੰ ਐਸ.ਟੀ.ਪੀ ਪਲਾਂਟਾਂ ਵਿਚ ਟਰੀਟ ਕਰ ਕੇ ਲਗਭਗ 60,000 ਹੈਕਟੇਅਰ ਰਕਬੇ ਨੂੰ ਗ਼ੈਰ-ਰਵਾਇਤੀ ਸਿੰਚਾਈ ਪਾਣੀ ਦਾ ਸਰੋਤ ਉਪਲੱਬਧ ਕਰਵਾਉਣ ਦੀ ਸਮੱਰਥਾ ਹੈ। ਇਸ ਦਿਸ਼ਾ ਵੱਲ ਐਸ.ਟੀ.ਪੀ ਪਲਾਂਟਾਂ ਵਿਚ 280 ਐਮ.ਐਲ.ਡੀ. ਟਰੀਟਡ ਪਾਣੀ ਨੂੰ 8500 ਹੈਕਟੇਅਰ ਰਕਬੇ ਦੀ ਸਿੰਚਾਈ ਲਈ ਵਰਤਣ ਲਈ 40 ਥਾਵਾਂ 'ਤੇ ਬੁਨਿਆਦੀ ਢਾਂਚੇ ਦੀ ਉਸਾਰੀ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਹੈ। 

ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਪਾਣੀ ਪੀਣ ਲਈ ਨਹੀਂ ਵਰਤਿਆ ਜਾ ਸਕਦਾ। ਪਰ ਇਜ਼ਰਾਇਲ, ਕੈਲੇਫ਼ੋਰਨੀਆ ਅਤੇ ਕੁਝ ਹੋਰ ਦੇਸ਼ ਹਨ, ਜਿਨ੍ਹਾਂ ਨੇ ਅਜਿਹੇ ਟ੍ਰੀਟਮੈਂਟ ਪਲਾਂਟ ਲਗਾਏ ਹਨ, ਜਿਨ੍ਹਾਂ ਤੋਂ ਨਿਕਲਿਆ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਹਾਲੇ ਭਾਰਤ 'ਚ ਅਜਿਹੀ ਤਕਨੀਕ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ 1000-1100 ਏਕੜ ਰਕਬੇ ਨੂੰ ਟ੍ਰੀਟਡ ਸਿੰਜਾਈ ਅਧੀਨ ਲਿਆਉਣ ਦਾ ਕੁਲ ਖ਼ਰਚਾ 6 ਕਰੋੜ ਰੁਪਏ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਡਿੱਗ ਰਹੇ ਪੱਧਰ ਲਈ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਉਣਾ ਬਿਲਕੁਲ ਗ਼ਲਤ ਹੈ। ਪੰਜਾਬ ਦਾ 90% ਪਾਣੀ ਖੇਤੀ ਲਈ ਵਰਤਿਆ ਜਾਂਦਾ ਹੈ। ਸ਼ਹਿਰਾਂ 'ਚ 4-5% ਪਾਣੀ ਵਰਤਿਆ ਜਾਂਦਾ ਹੈ। ਸ਼ਹਿਰਾਂ 'ਚ ਪਾਣੀ ਬਚਾਉਣ ਦੀ ਕੋਸ਼ਿਸ਼ ਨਾਲ ਕੁਝ ਕੁ ਫ਼ੀਸਦ ਪਾਣੀ ਬਚੇਗਾ, ਜਦਕਿ ਖੇਤੀ ਲਈ ਵਰਤੇ ਜਾਣ ਵਾਲੇ ਪਾਣੀ ਨੂੰ ਬਚਾਉਣ ਦੀ ਵੱਧ ਲੋੜ ਹੈ। ਜਿਵੇਂ ਤੁਪਕਾ ਖੇਤੀ ਪਾਣੀ ਦੀ ਬਚਤ ਲਈ ਬਹੁਤ ਕਾਰਗਰ ਕਦਮ ਹੈ। ਤੁਪਕਾ ਖੇਤੀ ਨਾਲ ਜਿਥੇ ਲੋੜ ਹੁੰਦੀ ਹੈ, ਉਥੇ ਹੀ ਪਾਣੀ ਜਾਂਦਾ ਹੈ, ਜਦਕਿ ਆਮ ਟਿਊਬਵੈਲਾਂ ਨਾਲ ਕਾਫ਼ੀ ਪਾਣੀ ਅਜਾਈਂ ਚਲਿਆ ਜਾਂਦਾ ਹੈ। ਇਸ ਤੋਂ ਇਲਾਵਾ ਅੰਡਰ ਗਰਾਊਂਟ ਪਾਈਪ ਲਾਈਨ ਪ੍ਰਾਜੈਕਟ ਨਾਲ ਵੀ ਕਾਫ਼ੀ ਪਾਣੀ ਬੱਚਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਚ ਭਾਵੇਂ ਵੱਧ ਖ਼ਰਚਾ ਲੱਗਦਾ ਹੈ, ਪਰ ਪਾਣੀ ਦੀ ਕਾਫ਼ੀ ਬਚਤ ਹੁੰਦੀ ਹੈ।

ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਉਤਸਾਹਤ ਕਰਨ ਲਈ ਪੰਜਾਬ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ। ਹਾਲ ਹੀ 'ਚ ਪੰਜਾਬ ਸਰਕਾਰ ਨੇ 100 ਕਰੋੜ ਦਾ ਫੰਡ ਪਾਸ ਕੀਤਾ ਹੈ, ਜਿਸ ਨਾਲ ਅਜਿਹੇ 25 ਹੋਰ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ। ਆਉਣ ਵਾਲੇ 8-10 ਸਾਲਾਂ 'ਚ ਅਜਿਹੇ 100 ਪ੍ਰਾਜੈਕਟ ਹੋ ਜਾਣਗੇ, ਜਿਸ ਨਾਲ ਪਾਣੀ ਦੀ ਕਾਫ਼ੀ ਬਚਤ ਹੋਵੇਗੀ।

ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਭਾਰਤ ਨਾਲ ਵੱਧ ਪਛਮੀ ਦੇਸ਼ਾਂ 'ਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਪਛਮੀ ਦੇਸ਼ਾਂ 'ਚ ਰੁੱਖਾਂ ਦੀ ਕਟਾਈ, ਪ੍ਰਦੂਸ਼ਣ ਆਦਿ ਭਾਰਤ ਨਾਲੋਂ ਕਈ ਗੁਣਾ ਵੱਧ ਹੈ। ਪਲਾਸਟਿਕ ਦੀ ਵਰਤੋਂ 'ਚ ਭਾਰਤ, ਅਮਰੀਕਾ ਅਤੇ ਚੀਨ ਤੋਂ ਕਾਫ਼ੀ ਪਿੱਛੇ ਹੈ। ਭਾਰਤ ਦੇ ਲੋਕ ਰੀਸਾਈਕਲਿੰਗ ਕਈ ਦਹਾਕਿਆਂ ਤੋਂ ਕਰ ਰਹੇ ਹਨ ਅਤੇ ਹੁਣ ਸਰਕਾਰ ਵਲੋਂ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾ ਰਿਹਾ ਹੈ।