ਲੁਧਿਆਣਾ ਪਹੁੰਚੇ ਚੰਦਰ ਸ਼ੇਖਰ ਆਜ਼ਾਦ ਨੇ ਕਿਸਾਨਾਂ ਅਤੇ ਹਾਥਰਸ ਮਾਮਲੇ ਨੂੰ ਲੈ ਕੇ ਘੇਰੀ ਭਾਜਪਾ ਸਰਕਾਰ
12 ਤੋਂ 4 ਵਜੇ ਤੱਕ ਲੁਧਿਆਣਾ ਤੋਂ ਅੰਮ੍ਰਿਤਸਰ ਤੱਕ ਕੱਢਿਆ ਜਾਵੇਗਾ ਰੋਸ ਮਾਰਚ
ਲੁਧਿਆਣਾ: ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਅੱਜ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਲੁਧਿਆਣਾ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨੇ ਹਾਥਰਸ ਮਾਮਲੇ ਨੂੰ ਲੈ ਕੇ ਅਪਣੇ ਵਿਚਾਰ ਸਾਂਝੇ ਕੀਤੇ। ਸੰਬੋਧਨ ਕਰਦਿਆਂ ਚੰਦਰ ਸ਼ੇਖਰ ਨੇ ਕਿਹਾ ਕਿ ਹਾਥਰਸ ਮਾਮਲੇ ਵਿਚ ਭਾਜਪਾ ਦੀ ਸਰਕਾਰ ਸਿਆਸਤ ਕਰ ਰਹੀ ਹੈ।
ਉਹਨਾਂ ਕਿਹਾ ਕਿ ਅੱਜ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਲੁਧਿਆਣਾ ਤੋਂ ਅੰਮ੍ਰਿਤਸਰ ਤੱਕ ਰੋਸ ਮਾਰਚ ਕੱਢਣਗੇ। ਇਹ ਰੋਸ ਮਾਰਚ ਕਿਸਾਨਾਂ ਦੇ ਹੱਕਾਂ ਲਈ, ਹਾਥਰਸ ਮਾਮਲੇ 'ਚ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਮੰਗ ਲਈ ਕੱਢਿਆ ਜਾਵੇਗਾ।
ਇਸ ਦੌਰਾਨ ਉਹਨਾਂ ਨੇ ਹਾਥਰਸ ਮਾਮਲੇ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸਵਾਲ ਕੀਤੇ ਅਤੇ ਕਿਹਾ ਕਿ ਭਾਜਪਾ ਸਰਕਾਰ ਪੀੜਤਾਂ ਅਤੇ ਇਨਸਾਫ਼ ਦੇ ਵਿਚਕਾਰ ਖੜ੍ਹੀ ਹੈ। ਉਹਨਾਂ ਅੱਗੇ ਕਿਹਾ ਕਿ ਸਮਾਜ ਵਿਚ ਅੱਜ ਵੀ ਦਲਿਤਾਂ ਨੂੰ ਕੁਚਲਿਆ ਜਾ ਰਿਹਾ ਹੈ। ਆਜ਼ਾਦ ਨੇ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਹਾਥਰਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ, ਭਾਜਪਾ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਵਿਚ ਕੀਤਾ ਜਾ ਰਿਹਾ ਪ੍ਰਦਰਸ਼ਨ ਪੰਜਾਬ ਦੇ ਕਿਸਾਨਾਂ ਨਾਲ ਹੋਰ ਰਹੇ ਧੱਕੇ ਵਿਰੁੱਧ ਹੈ। ਇਸ ਦੇ ਨਾਲ ਹੀ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿਚ ਹਨ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹੈ ਜੇ ਸਰਕਾਰ ਇਹਨਾਂ ਨੂੰ ਸਤਾਏਗੀ ਤਾਂ ਜ਼ਿਆਦਾ ਦਿਨ ਤੱਕ ਟਿਕ ਨਹੀਂ ਪਾਵੇਗੀ।
ਦੇਸ਼ ਦੀ ਕਾਨੂੰਨ ਵਿਵਸਥਾ ਬਾਰੇ ਗੱਲ਼ ਕਰਦਿਆਂ ਆਜ਼ਾਦ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਇਸ ਕਰਕੇ ਵਿਰੋਧੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ।