ਭ੍ਰਿਸ਼ਟਾਚਾਰ ਮਾਮਲੇ ਵਿਚ ਘਿਰੇ ਨੇਤਨਯਾਹੂ ਵਿਰੁਧ ਸੜਕਾਂ 'ਤੇ ਉਤਰੇ ਲੋਕ, ਮੰਗਿਆ ਅਸਤੀਫ਼ਾ
ਬੀਤੇ ਚਾਰ ਮਹੀਨਿਆਂ ਤੋਂ ਹਰ ਵੀਕੈਂਡ ਦੇਸ਼ ਵਾਸੀਆਂ ਵਲੋਂ ਕੀਤੇ ਜਾ ਰਹੇ ਨੇ ਪ੍ਰਦਰਸ਼ਨ
ਯਰੂਸ਼ਲਮ, 11 ਅਕਤੂਬਰ : ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਲਈ ਦੇਸ਼ ਦੇ ਵਖ-ਵਖ ਹਿੱਸਿਆਂ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਸਹੀ ਤਰੀਕੇ ਨਾਲ ਨਜਿੱਠਣ ਵਿਚ ਅਸਫ਼ਲ ਰਹੇ। ਸਨਿਚਰਵਾਰ ਨੂੰ ਸੈਂਕੜੇ ਵਖ-ਵਖ ਸਥਾਨਾਂ 'ਤੇ ਦੇਸ਼ ਦੇ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤੇ।
image
ਇਜ਼ਰਾਇਲ ਦੀ ਰਾਜਧਾਨੀ ਵਿਚ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਤਾਲਾਬੰਦੀ ਕਾਰਨ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਲੋਕਾਂ ਨੇ ਨਿਯਮਾਂ ਅਨੁਸਾਰ ਅਪਣੇ ਘਰਾਂ ਦੇ ਇਕ ਕਿਲੋਮੀਟਰ ਦੇ ਘੇਰੇ ਵਿਚ ਰਹਿ ਕੇ ਹੀ ਪ੍ਰਦਰਸ਼ਨ ਕੀਤੇ। ਸੱਭ ਤੋਂ ਵੱਡਾ ਪ੍ਰਦਰਸ਼ਨ ਤੇਲ ਅਵੀਵ ਦੇ ਹਬੀਮਾ ਸਕੁਏਅਰ 'ਤੇ ਹੋਇਆ, ਜਿਥੇ ਕਈ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਏ। ਕੁਝ ਲੋਕਾਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ, ''ਬੀਬੀ (ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਦੇਸ਼ ਵਿਚ ਇਸ ਨਾਂਅ ਨਾਲ ਵੀ ਬੁਲਾਇਆ ਜਾਂਦਾ ਹੈ) ਤੁਸੀਂ ਮੇਰਾ ਭਵਿਖ ਬਰਬਾਦ ਕਰ ਰਹੇ ਹੋ।''
ਇਥੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਵੀ ਹੋਈ। ਨੇਤਨਯਾਹੂ ਵਿਰੁਧ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਰਖੋਰੀ ਦੇ ਮਾਮਲੇ ਚਲ ਰਹੇ ਹਨ। ਪ੍ਰਦਰਸ਼ਨਕਾਰੀ ਬੀਤੇ ਚਾਰ ਮਹੀਨਿਆਂ ਤੋਂ ਹਫ਼ਤੇ ਦੇ ਅਖ਼ੀਰਲੇ ਦਿਨਾਂ ਵਿਚ ਉਨ੍ਹਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦੇ ਹਨ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਾਰੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ 'ਖੱਬੇਪੱਖੀ ਅਤੇ ਅਰਾਜਕਤਾਵਾਦੀ' ਦਸਿਆ ਹੈ।