ਕਿਸਾਨ ਜਥੇਬੰਦੀਆਂ ਦੀ ਸੂਬਾ ਪਧਰੀ ਮੀਟਿੰਗ 13 ਨੂੰ, ਲਵੇਗੀ ਅਹਿਮ ਫ਼ੈਸਲੇ
ਸਰਕਾਰ ਨੇ ਕਿਸਾਨਾਂ ਨਾਲ ਗੱਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਤਹਿਤ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਕੱਲ੍ਹ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਇਸ ਮੀਟਿੰਗ ਵਿਚ ਕੋਈ ਵੀ ਨਤੀਜਾ ਨਹੀਂ ਨਿਕਲਿਆ ਅਤੇ ਅਗਲੀ ਮੀਟਿੰਗ 13 ਅਕਤੂਬਰ ਨੂੰ ਰੱਖੀ ਗਈ ਹੈ। ਇਥੇ ਖ਼ਾਸ ਗੱਲ ਇਹ ਰਹੀ ਕਿ ਕਿਸਾਨਾਂ ਦੀਆਂ ਕੁੱਝ ਜਥੇਬੰਦੀਆਂ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਈਆਂ।
ਇਸ ਮੀਟਿੰਗ ਵਿਚ ਰੇਲ ਰੋਕੋ ਅੰਦੋਲਨ, ਬਿਜਲੀ ਸੰਕਟ ਅਤੇ ਅਗਲੇ ਸੰਘਰਸ਼ਾਂ ਸਬੰਧੀ ਚਰਚਾ ਹੋਈ। ਮੀਟਿੰਗ ਵਿਚ ਕਿਸਾਨ ਆਗੂਆਂ ਵਲੋਂ ਬਿਜਲੀ ਸੰਕਟ, ਡੀਏਪੀ ਅਤੇ ਯੂਰੀਆ ਦੀ ਤੋਟ ਬਾਰੇ ਚਰਚਾ ਕੀਤੀ ਗਈ। ਮੀਟਿੰਗ 'ਚ ਇਹ ਸਪੱਸ਼ਟ ਕੀਤਾ ਗਿਆ ਕਿ ਅਜੇ ਬਿਜਲੀ ਸੰਕਟ ਪੈਦਾ ਨਹੀਂ ਹੋਇਆ। ਸਾਰੇ ਹੀ ਥਰਮਲਾਂ ਕੋਲ ਕੋਲਾ ਪਿਆ ਹੈ। ਅਜੇ ਸਰਕਾਰ ਥਰਮਲ ਨੂੰ ਮੌਜੂਦ ਕੋਲੇ ਨਾਲ ਚਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰੇਲਵੇ ਲਾਈਨਾਂ, ਟੋਲ ਪਲਾਜ਼ਾ ਅਤੇ ਕਾਰਪੋਰੇਟ ਅਦਾਰਿਆਂ ਅੱਗੇ ਪੱਕੇ ਮੋਰਚੇ ਜਾਰੀ ਰਹਿਣਗੇ।
ਅੱਜ ਕੁੱਝ ਜਥੇਬੰਦੀਆਂ ਦੇ ਸ਼ਾਮਲ ਨਾ ਹੋਣ ਕਾਰਨ ਸਾਰੇ ਮਸਲਿਆਂ 'ਤੇ ਫ਼ੈਸਲਾ 13 ਅਕਤੂਬਰ ਨੂੰ ਲਿਆ ਜਾਵੇਗਾ, ਜਦਕਿ ਕਿ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ ਨਾ ਬੁਲਾਏ ਜਾਣ ਬਾਰੇ ਅਗਲੇ ਸੰਘਰਸ਼ ਦਾ ਫ਼ੈਸਲਾ 15 ਅਕਤੂਬਰ ਦੀ ਮੀਟਿੰਗ ਵਿਚ ਕੀਤਾ ਜਾਵੇਗਾ। ਖੇਤਾਂ ਲਈ ਬਿਜਲੀ ਦੇ ਕੱਟ ਲਗਾ ਕੇ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਸਾਹਮਣਾ ਕਰਨ ਲਈ ਵੀ ਅੱਜ ਚਰਚਾ ਕੀਤੀ ਗਈ।
ਉਧਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਤਾਲਮੇਲ ਕਾਇਮ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖ ਸਰਕਾਰੀਆ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਇਹ ਸੁਨਿਸ਼ਚਿਤ ਕਰੇਗੀ ਕਿ ਪੰਜਾਬ ਦੇ ਆਮ ਲੋਕਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਆਵੇ, ਜਿਸ ਲਈ ਢੁਕਵੇਂ ਉਪਰਾਲੇ ਕੀਤੇ ਜਾਣ। ਇਹ ਕਮੇਟੀ ਕਾਨੂੰਨੀ ਮਾਹਰਾਂ ਨਾਲ ਰਾਇ ਕਰ ਕੇ ਅਗਲੀ ਰਣਨੀਤੀ ਬਣਾਉਣ ਸਬੰਧੀ ਵੀ ਨੁਕਤੇ ਵਿਚਾਰੇਗੀ।
ਦੂਜੇ ਪਾਸੇ ਅਕਾਲੀ ਦਲ ਨੇ ਵੀ ਕਿਸਾਨਾਂ ਨਾਲ ਤਾਲਮੇਲ ਕਰਨ ਲਈ ਇਕ ਕਮੇਟੀ ਬਣਾਈ ਹੈ ਜਿਹੜੀ ਕਿਸਾਨਾਂ ਨਾਲ ਗੱਲਬਾਤ ਕਰ ਕੇ ਅਗਲੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕਰੇਗੀ। ਪੰਜਾਬ ਵਿਧਾਨ ਸਭਾ ਦੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਂਦਿਆਂ 12 ਅਕਤੂਬਰ ਤੋਂ ਦਿੱਲੀ ਕੂਚ ਕਰਨ ਦਾ ਫ਼ੈਸਲਾ ਲਿਆ ਹੈ
ਪਿੰਡ ਬਹਿਣੀਵਾਲ ਵਾਸੀਆਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਕੀਤਾ ਬਾਈਕਾਟ
ਮਾਨਸਾ (ਸੁਖਵੰਤ ਸਿੱਧੂ) : ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੇ ਸਮੂਹ ਨਗਰ ਨਿਵਾਸੀਆਂ ਤੇ ਕਿਸਾਨ ਜਥੇਬੰਦੀਆਂ ਵਲੋਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੇ ਲੀਡਰਾਂ ਨੂੰ ਪਿੰਡ ਵਿਚ ਵੜਨ ਨਹੀਂ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਵਲੋਂ ਕਿਸਾਨਾਂ ਦਾ ਕੋਈ ਵੀ ਮੁੱਦਾ ਚੁੱਕਣ ਦੀ ਬਜਾਏ ਹਮੇਸ਼ਾ ਕੇਵਲ ਤੇ ਕੇਵਲ ਰਾਜਨੀਤਕ ਰੋਟੀਆਂ ਹੀ ਸੇਕੀਆਂ ਗਈਆਂ ਹਨ। ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਕਰਜ਼ੇ ਦੀ ਦਲਦਲ ਵਿਚ ਫਸ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਕੇਂਦਰ ਸਰਕਾਰ ਵਿਰੁਧ ਚਲ ਰਿਹਾ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰਹੇਗਾ ਜਦ ਤਕ ਨਵਾਂ ਪਾਸ ਕੀਤਾ ਆਰਡੀਨੈਂਸ ਵਾਪਸ ਨਹੀਂ ਕੀਤਾ ਜਾਂਦਾ ਚਾਹੇ ਕਿਸਾਨਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। ਇਸ ਮੌਕੇ ਪਿੰਡ ਦੇ ਪ੍ਰਤੀਨਿਧੀ ਸਰਪੰਚ ਗੁਰਜੰਟ ਸਿੰਘ, ਹਰਪ੍ਰੀਤ ਸਿੰਘ ਬਹਿਣੀਵਾਲ, ਅੰਗਰੇਜ਼ ਸਿੰਘ, ਕਰਮਜੀਤ ਸਿੰਘ ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਭੋਲਾ ਸਿੰਘ, ਗੁਰਲਾਲ ਸਿੰਘ, ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।