ਕਰਜ਼ੇ ਤੋਂ ਦੁਖ਼ੀ ਇਕ ਹੋਰ ਨੌਜਵਾਨ ਕਿਸਾਨ ਨੇ ਅਪਣੀ ਜੀਵਨ ਲੀਲਾ ਕੀਤੀ ਸਮਾਪਤ 

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਪਰਿਵਾਰ ਜ਼ਮੀਨ ਠੇਕੇ ’ਤੇ ਲੈ ਕੇ ਆਪਣਾ ਗੁਜ਼ਾਰਾ ਕਰਦਾ ਹੈ ਪਰ ਲਗਾਤਾਰ ਖੇਤੀ ’ਚੋਂ ਘਾਟਾ ਪੈ ਰਿਹਾ ਸੀ।

Sandeep Singh

 

ਨਥਾਣਾ : ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜੇ ਤੋਂ ਦੁਖ਼ੀ ਹੋ ਕੇ ਖੁਦਕੁਸ਼ੀ ਕਰ ਲੈਂਦਾ ਹੈ ਤੇ ਅੱਜ ਪਿੰਡ ਭੈਣੀ ਦੇ ਇਕ ਨੌਜਵਾਨ ਕਿਸਾਨ ਨੇ ਆਰਥਿਕ ਤੰਗੀ ਦੇ ਕਾਰਨ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਭੈਣੀ ਇਕਾਈ ਦੇ ਪ੍ਰਧਾਨ ਬੂਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਕਿਸਾਨ ਸੰਦੀਪ ਸਿੰਘ (26) ਵਾਸੀ ਭੈਣੀ ਜੋ ਕਿ ਕਿਸਾਨੀ ਪਰਿਵਾਰ ਨਾਲ ਸਬੰਧਤ ਸੀ ਉਸ ਦੇ ਸਿਰ 'ਤੇ ਕਾਫ਼ੀ ਕਰਜ਼ਾ ਸੀ ਜਿਸ ਕਰ ਕੇ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਤੇ ਅੱਜ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ।

ਉਨ੍ਹਾਂ ਕਿਹਾ ਕਿ ਸਿਰ ਚੜ੍ਹੇ ਕਰਜ਼ੇ ਕਰ ਕੇ ਪਹਿਲਾ ਹੀ ਜ਼ਮੀਨ ਵਿਕ ਚੁੱਕੀ ਸੀ ਅਤੇ ਹੁਣ ਵੀ ਇਸ ਪਰਿਵਾਰ ਦੇ ਸਿਰ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਅਤੇ ਆੜ੍ਹਤੀਆਂ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਕੁਝ ਰੁਪਏ ਇਧਰੋਂ-ਓਧਰੋਂ ਹੋਰ ਫੜ੍ਹੇ ਹੋਏ ਹਨ। ਇਹ ਕਿਸਾਨ ਪਰਿਵਾਰ ਜ਼ਮੀਨ ਠੇਕੇ ’ਤੇ ਲੈ ਕੇ ਆਪਣਾ ਗੁਜ਼ਾਰਾ ਕਰਦਾ ਹੈ ਪਰ ਲਗਾਤਾਰ ਖੇਤੀ ’ਚੋਂ ਘਾਟਾ ਪੈ ਰਿਹਾ ਸੀ। ਪਿਛਲੇ ਦਿਨੀਂ ਸੰਦੀਪ ਸਿੰਘ ਦਿੱਲੀ ਕਿਸਾਨੀ ਸੰਘਰਸ਼ ਧਰਨੇ ਤੋਂ ਵਾਪਸ ਆਇਆ ਅਤੇ ਉਸ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਨੂੰ ਤਰੁੰਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਜ਼ੇਰੇ ਇਲਾਜ ਦੌਰਾਨ ਸੰਦੀਪ ਸਿੰਘ ਦੀ ਮੌਤ ਹੋ ਗਈ। ਕਿਸਾਨ ਸੰਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ 3 ਸਾਲ ਦਾ ਪੁੱਤਰ ਮਨਵੀਰ ਸਿੰਘ ਅਤੇ ਇਸ ਤੋਂ ਇਲਾਵਾ ਮਾਤਾ-ਪਿਤਾ ਛੱਡ ਗਿਆ। ਪਿੰਡ ਭੈਣੀ ਇਕਾਈ ਦੇ ਸੈਕਟਰੀ ਛਿੰਦਾ ਸਿੰਘ ਅਤੇ ਬਲਾਕ ਦੇ ਖਜ਼ਾਨਚੀ ਜਗਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।