ਬੇਅਦਬੀ ਮਾਮਲੇ:ਭਗੌੜੇ ਕਰਾਰ ਦਿੱਤੇ ਗਏ ਡੇਰਾ ਸਿਰਸਾ ਦੀ ਕੌਮੀਂ ਕਮੇਟੀ ਦੇ ਮੈਂਬਰਾਂ ਦੀ ਕੇਸ ਫਾਈਲ ਠੱਪ
ਭਗੌੜੇ ਕਰਾਰ ਦਿੱਤੇ ਜਾਣ ਤੋਂ ਬਾਅਦ ਜਾਇਦਾਦ ਦਾ ਵੇਰਵਾ ਨਾ ਮਿਲਣ ਦੇ ਚਲਦੇ ਠੱਪ ਹੋਈ ਕੇਸ ਫਾਈਲ
ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਨੂੰ ਭਗੌੜਾ ਐਲਾਨ ਦੇਣ ਤੋਂ ਬਾਅਦ ਜਾਇਦਾਦ ਦਾ ਵੇਰਵਾ ਨਾ ਮਿਲਣ ਕਰਕੇ ਫਾਈਲ ਨੂੰ ਠੱਪ ਕਰ ਦਿੱਤਾ ਹੈ। ਇਨ੍ਹਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਅੰਗ ਗਲੀਆਂ ਵਿਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਸਾਜ਼ਿਸ਼ ਰਚਣ ਦਾ ਦੋਸ਼ ਸੀ।
ਜਾਣਕਾਰੀ ਅਨੁਸਾਰ ਅਦਾਲਤ ਨੇ ਆਪਣੇ ਇਕ ਹੁਕਮ ਵਿਚ ਥਾਣਾ ਬਾਜਾਖਾਨਾ ਦੇ ਐਸ. ਐਚ. ਓ. ਇੱਕਬਾਲ ਹੁਸੈਨ ਨੂੰ ਹਦਾਇਤ ਕੀਤੀ ਸੀ ਕਿ ਉਹ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਦੀ ਜਾਇਦਾਦ ਸ਼ਨਾਖਤ ਕਰਨ ਅਤੇ ਇਸ ਦੀ ਸੂਚੀ 11 ਅਕਤੂਬਰ ਤੱਕ ਅਦਾਲਤ ਸਾਹਮਣੇ ਪੇਸ਼ ਕਰਨ ਤਾਂ ਜੋ ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾ ਸਕੇ।
ਅਦਾਲਤ ਨੇ ਇਨ੍ਹਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 174 ਏ (ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਟਲਣਾ) ਤਹਿਤ ਕੇਸ ਦਰਜ ਕਰਨ ਲਈ ਵੀ ਕਿਹਾ ਸੀ। ਇਹ ਤਿੰਨੇ ਕਮੇਟੀ ਮੈਂਬਰ ਬੇਅਦਬੀ ਨਾਲ ਜੁੜੀਆਂ ਅੱਧੀ ਦਰਜਨ ਘਟਨਾਵਾਂ ਵਿਚ ਮੁਲਜ਼ਮ ਵੱਜੋਂ ਨਾਮਜ਼ਦ ਹੋਏ ਸਨ, ਪਰ ਵਿਸ਼ੇਸ਼ ਜਾਂਚ ਟੀਮ ਤਿੰਨਾਂ ਵਿਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਕਈ ਥਾਵਾਂ ’ਤੇ ਛਾਪੇ ਮਾਰੇ ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀ ਲੱਗੇ।
ਥਾਣਾ ਬਾਜਾਖਾਨਾ ਦੇ ਐਸ ਐਚ ੳ ਇਕਬਾਲ ਹੁਸੈਨ ਨੇ ਅਦਾਲਤ ਵਿਚ ਕਿਹਾ ਕਿ ਭਗੌੜੇ ਐਲਾਨੇ ਗਏ ਡੇਰੇ ਦੀ ਕੌਮੀ ਕਮੇਟੀ ਮੈਂਬਰਾਂ ਦੀ ਜਾਇਦਾਦ ਦਾ ਵੇਰਵਾ ਅਤੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ, ਜਿਸ ’ਤੇ ਅਦਾਲਤ ਨੇ ਇਹ ਕੇਸ ਠੱਪ ਕਰ ਦਿੱਤਾ ਹੈ ਅਤੇ ਕਿਹਾ ਕਿ ਜਾਇਦਾਦ ਮਿਲਣ ’ਤੇ ਹੀ ਇਸ ਦੀ ਕਾਰਵਾਈ ਅੱਗੇ ਚੱਲੇਗੀ।