ਲਾਇਸੰਸੀ ਪਿਸਤੌਲ ਨਾਲ ਗੁਰੂ ਨੂੰ ਸਲਾਮੀ ਦੇਣ ਲਈ ਕੀਤਾ ਫ਼ਾਇਰ

ਏਜੰਸੀ

ਖ਼ਬਰਾਂ, ਪੰਜਾਬ

ਲਾਇਸੰਸੀ ਪਿਸਤੌਲ ਨਾਲ ਗੁਰੂ ਨੂੰ ਸਲਾਮੀ ਦੇਣ ਲਈ ਕੀਤਾ ਫ਼ਾਇਰ

image

ਸ੍ਰੀ ਆਨੰਦਪੁਰ ਸਾਹਿਬ, 10 ਅਕਤੂਬਰ (ਸੁਖਵਿੰਦਰਪਾਲ ਸਿੰਘ ਸੁੱਖੁ):  ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਪਾਰੀ ਇੱਕ ਅਜੀਬੋ ਗਰੀਬ ਘਟਨਾ ਦੇ ਤਹਿਤ ਨਿਹੰਗ ਸਿੰਘ ਦੇ ਬਾਣੇ ਵਿਚ ਆਏ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਇਕ ਵਿਅਕਤੀ ਨੇ ਮੱਥਾ ਟੇਕਣ ਉਪਰੰਤ ਬਾਹਰ ਆ ਕੇ ਅਪਣੇ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿਤਾ। ਜਿਸ ਤੋਂ ਬਾਅਦ ਉਥੇ ਮੌਜੂਦ ਸੰਗਤ ’ਚ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤੁਰਤ ਉਸ ਨੂੰ ਕਾਬੂ ਕਰ ਲਿਆ। 
ਇਸ ਸਬੰਧੀ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਮਕਾਨ ਨੰਬਰ 606, ਹੁੱਡਾ ਕਲੋਨੀ, ਪਾਣੀਪਤ ਹਰਿਆਣਾ ਦਾ ਵਸਨੀਕ ਹੈ। ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਕੁਲਦੀਪ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਹੋਇਆ ਸੀ। ਜਦੋਂ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਪਰਿਕਰਮਾ ਵਿਚ ਆਇਆ ਤਾਂ ਉਸ ਨੇ ਅਪਣੀ ਲਾਈਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿਤਾ। ਹਾਲਾਂਕਿ ਮੁੱਢਲੀ ਜਾਂਚ ਦੌਰਾਨ ਗੋਲੀ ਚਲਾਉਣ ਪਿੱਛੇ ਉਸ ਦੀ ਕੋਈ ਗ਼ਲਤ ਮਨਸ਼ਾ ਨਹੀਂ ਸੀ ਤੇ ਉਸ ਨੇ ਕਿਹਾ ਹੈ ਕਿ ਗੁਰੂ ਨੂੰ ਸਲਾਮੀ ਦੇਣ ਦੇ ਲਈ ਉਸ ਨੇ ਗੋਲੀ ਚਲਾਈ ਹੈ ਪਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੋ ਕਿ ਧਾਰਮਕ ਅਸਥਾਨ ਹੈ, ਦੇ ਸ਼ਾਂਤ ਮਹੌਲ ਨੂੰ ਲਾਂਬੂ ਲਾਉਣ ਦੀ ਇਸ ਕੋਝੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਕਤ ਵਿਅਕਤੀ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਸਥਾਨਕ ਪੁਲਿਸ ਨੇ ਧਾਰਾ 336, 25/27-54-59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਧਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਸ ਬਾਰੇ ਦਸਿਆ ਹੈ ਕਿ ਉਕਤ ਘਟਨਾ ਬੁਹਤ ਹੀ ਮੰਦਭਾਗੀ ਹੈ ਪਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਤੁਰਤ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਸਥਾਨਕ ਪੁਲਿਸ ਹਵਾਲੇ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕਰਵਾ ਦਿਤੀ ਗਈ ਹੈ।