ਖ਼ੁਰਾਕ ਤੇ ਸਿਵਲ ਸਪਲਾਈ ਨੇ ਬੋਗਸ ਬਿਲਿੰਗ ਮਾਮਲੇ ਵਿਚ 24 ਘੰਟਿਆਂ ਅੰਦਰ ਤਿੰਨ ਐਫ਼ ਆਈ ਆਰ. ਦਰਜ ਕਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਖ਼ੁਰਾਕ ਤੇ ਸਿਵਲ ਸਪਲਾਈ ਨੇ ਬੋਗਸ ਬਿਲਿੰਗ ਮਾਮਲੇ ਵਿਚ 24 ਘੰਟਿਆਂ ਅੰਦਰ ਤਿੰਨ ਐਫ਼ ਆਈ ਆਰ. ਦਰਜ ਕਰਵਾਈਆਂ : ਆਸ਼ੂ

image

ਚੰਡੀਗੜ੍ਹ, 10 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ): ਖ਼ੁਰਾਕ ਤੇ ਸਿਵਲ ਸਪਲਾਈ ਵਲੋਂ ਦੂਜੇ ਰਾਜਾਂ ਤੋਂ ਪੰਜਾਬ ਵਿਚ ਗ਼ੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ਬੋਗਸ ਬਿਲਿੰਗ ਸਬੰਧੀ ਬੀਤੇ 24 ਘੰਟਿਆਂ ਦੌਰਾਨ ਤਿੰਨ ਐਫ਼ .ਆਈ .ਆਰ. ਦਰਜ ਕਰਵਾਈਆਂ ਗਈਆਂ ਹਨ। 
ਇਸ ਸਬੰਧੀ ਜਾਣਕਾਰੀ ਦਿੰਦੀਆਂ ਭਾਰਤ ਭੂਸ਼ਣ ਆਸ਼ੂ, ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਮੂਨਕ ਬਾਰਡਰ ’ਤੇ ਦੋ ਟਰੱਕ ਜ਼ਬਤ ਕੀਤੇ ਗਏ ਹਨ, ਜਦਕਿ ਤੀਸਰਾ ਟਰੱਕ ਪਟਿਆਲਾ ਜ਼ਿਲੇ੍ਹ ਦੇ ਸ਼ੰਭੂ ਵਿਚ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਟਰੱਕਾਂ ਰਾਹੀਂ ਬੋਗਸ ਬਿਲਿੰਗ ਲਈ ਲਿਆਂਦਾ ਜਾ ਰਿਹਾ 800 ਕੁਇੰਟਲ ਚਾਵਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੂਨਕ ਬਾਰਡਰ ’ਤੇ ਟਰੱਕ ਨੰਬਰ ਐਚ.ਆਰ. 69 ਸੀ 5323 ਜੋ ਕਿ ਯੂ.ਪੀ. ਦੇ ਸ਼ਾਹਜਹਾਂਪੁਰ ਦੇ ਬਾਂਦਾ ਸ਼ਹਿਰ ਵਿਚ ਸਥਿਤ ਜੇ.ਪੀ. ਦੇਵਲ ਰਾਈਸ ਮਿਲ ਤੋਂ 349.40 ਕੁਇੰਟਲ ਚਾਵਲ ਹਰਿਆਣਾ ਦੇ ਜਾਖਲ ਮੰਡੀ ਸਥਿਤ ਸ਼ਿਵ ਸ਼ੰਕਰ ਇੰਟਰਪ੍ਰਾਇਜਜ਼ ਦੇ ਨਾਮ ’ਤੇ ਲੈ ਕੇ ਆਇਆ ਸੀ ਜਿਸ ’ਤੇ ਕਾਰਵਾਈ ਕਰਦਿਆਂ ਟਰੱਕ ਡਰਾਈਵਰ ਅਤੇ ਇਸ ਮਾਲ ਸਬੰਧੀ ਸ਼ਾਮਲ ਦੋਵੇਂ ਫਰਮਾਂ ਵਿਰੁਧ 420, 120ਬੀ ਅਧੀਨ ਐਫ਼.ਆਈ.ਆਰ. ਨੰਬਰ 109 ਮਿਤੀ 9-10-2021 ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸ਼ਾਹਜਹਾਂਪੁਰ ਜ਼ਿਲੇ੍ਹ ਦੇ ਹੀ ਬਾਂਦਾ ਸਥਿਤ ਅਗਰਵਾਲ ਰਾਈਸ ਮਿੱਲ ਤੋਂ 298.80 ਕੁਇੰਟਲ ਪਰਮਲ ਚਾਵਲ ਦਲੀਪ ਚੰਦ ਰਾਈਸ ਐਂਡ ਜਰਨਲ ਮਿੱਲ ਪਟਿਆਲਾ ਰੋਡ ਜਾਖਲ ਦੇ ਨਾਮ ’ਤੇ ਲਿਆ ਰਹੇ ਟਰੱਕ ਨੰਬਰ ਆਰ.ਜੇ. 07 ਜੀਬੀ 7531 ਦੇ ਡਰਾਇਵਰ ਦਾਨਾ ਰਾਮ ਅਤੇ ਸਬੰਧਤ ਫ਼ਰਮਾਂ ਵਿਰੁਧ ਆਈ.ਪੀ.ਸੀ. 1860 ਦੀ ਧਾਰਾ 420 ਅਤੇ 120 ਅਧੀਨ ਐਫ.ਆਈ.ਆਰ. ਨੰਬਰ 110 ਮਿਤੀ 10-10-2021 ਦਰਜ ਕਰ ਲਿਆ ਗਿਆ ਹੈ।
ਆਸ਼ੂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤਿਆਂ ਦੀ ਚੌਕਸੀ ਸਦਕਾ ਬੋਗਸ ਬਿਲਿੰਗ ਲਈ ਪਛਮੀ ਬੰਗਾਲ ਦੇ ਬੁਰਦਾਵਾਨ ਸਥਿਤ ਬੀ.ਐਲ. ਟਰੇਡਰਜ਼ ਲਿਆਂਦਾ ਦਰਸਾਇਆ ਗਿਆ ਇਕ ਟਰੱਕ ਪਟਿਆਲਾ ਜ਼ਿਲੇ੍ਹ ਦੇ ਸ਼ੰਭੂ ਬਾਰਡਰ ’ਤੇ 152 ਕੁਇੰਟਲ ਪਰਮਲ ਚਾਵਲ ਬਰਾਮਦ ਕੀਤਾ ਗਿਆ ਹੈ ਜੋ ਕਿ ਫ਼ਾਜ਼ਿਲਕਾ ਸਥਿਤ ਆਰ.ਕੇ. ਇੰਡਸਟ੍ਰੀਜ਼ ਰੇਲਵੇ ਰੋਡ ਲਈ ਭਰਿਆ ਗਿਆ ਸੀ। ਇਸ ਸਬੰਧੀ ਟਰੱਕ ਨੰਬਰ ਐਨ.ਐਲ. 01 ਏਬੀ 5584 ਦੇ ਡਰਾਈਵਰ ਅਤੇ ਸਬੰਧਤ ਫ਼ਰਮਾਂ ਵਿਰੁਧ ਆਈ.ਪੀ.ਸੀ. 1860 ਦੀ ਧਾਰਾ 420,511 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਐਸਏਐਸ-ਨਰਿੰਦਰ-10-6ਏ