14 ਅਕਤੂਬਰ ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ’ਚ ਅੰਮ੍ਰਿਤ ਵੇਲੇ ਮਨਾਵਾਂਗੇ ‘ਲਾਹਨਤ ਦਿਹਾੜਾ’ : ਮਾਝ
14 ਅਕਤੂਬਰ ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ’ਚ ਅੰਮ੍ਰਿਤ ਵੇਲੇ ਮਨਾਵਾਂਗੇ ‘ਲਾਹਨਤ ਦਿਹਾੜਾ’ : ਮਾਝੀ
ਕੋਟਕਪੂਰਾ, 10 ਅਕਤੂਬਰ (ਗੁਰਿੰਦਰ ਸਿੰਘ) : 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਕੀਤੀ ਬੇਅਦਬੀ ਦੇ ਦੋਸ਼ੀਆਂ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਤਤਕਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਵਰਤਾਏ ਪੁਲਸੀਆ ਕਹਿਰ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ‘ਲਾਹਨਤ ਦਿਹਾੜੇ’ ਵਜੋਂ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਜਥੇਬੰਦੀ ‘ਦਰਬਾਰ-ਏ-ਖ਼ਾਲਸਾ’ ਦੇ ਬੁਲਾਰੇ ਹਰਪਿੰਦਰ ਸਿੰਘ ਕੋਟਕਪੂਰਾ ਨੇ ਜਥੇਬੰਦੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਦੇ ਹਵਾਲੇ ਨਾਲ ਦਸਿਆ ਕਿ ਇਸ ਦਿਨ ਬਿਲਕੁਲ ਉਸੇ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਸਥਾਨਕ ਬੱਤੀਆਂ ਵਾਲਾ ਚੌਕ ’ਚ ਸਿੱਖ ਸੰਗਤ ਵਲੋਂ ਨਿਤਨੇਮ ਦਾ ਜਾਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਸਮੇਂ ਦੀ ਹਕੂਮਤ ਨੇ ਇਨਸਾਫ਼ ਮੰਗਦੀ ਸਿੱਖ ਸੰਗਤ ’ਤੇ ਗੋਲੀ ਚਲਾ ਕੇ ਕਹਿਰ ਵਰਤਾਇਆ ਸੀ। ਇਸ ਨਾਲ ਹੀ ਉਨ੍ਹਾਂ ਪਾਵਨ ਸਰੂਪਾਂ ਦੇ ਬੇਅਦਬੀ ਦੇ ਮੁੱਦੇ ਨੂੰ ਆਧਾਰ ਬਣਾ ਕੇ ਸੱਤਾ ਹਾਸਲ ਕਰ ਚੁੱਕੀ ਕਾਂਗਰਸ ਸਰਕਾਰ ਨੂੰ ਵੀ ਬਰਾਬਰ ਦੀ ਭਾਗੀਦਾਰ ਗਰਦਾਨਦਿਆਂ ਕਿਹਾ ਕਿ ਇਹ ਵੀ ਇਸ ਮੁੱਦੇ ’ਤੇ ਮਹਿਜ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਸਿੱਖ ਸੰਗਤ ਨੂੰ ਸੰਕੇਤਕ ਤੌਰ ’ਤੇ ਆਯੋਜਤ ਕੀਤੇ ਜਾਣ ਵਾਲੇ ਇਸ ‘ਲਾਹਨਤ ਦਿਹਾੜੇ’ ਦੇ ਸਮਾਗਮ ’ਚ ਅੰਮ੍ਰਿਤ ਵੇਲੇ ਠੀਕ 5:00 ਵਜੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਨਾਲ ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਜਿਹੜੀ ਸੰਗਤ ਬੱਤੀਆਂ ਵਾਲਾ ਚੌਕ ’ਚ ਨਹੀਂ ਪਹੁੰਚ ਸਕਦੀ, ਉਹ ਦਰਬਾਰ-ਏ-ਖ਼ਾਲਸਾ ਦੇ ਫੇਸਬੁੱਕ ਪੇਜ ’ਤੇ ਜ਼ਰੂਰ ਜੁੜਨ ਦੀ ਕੋਸ਼ਿਸ਼ ਕਰਨ।