ਬਿਜਲੀ ਸੰਕਟ: ਅੱਜ ਭਾਰਤੀ ਕਿਸਾਨ ਯੂਨੀਅਨ ਜਲੰਧਰ ਵਿਚ ਦਿੱਲੀ ਨੈਸ਼ਨਲ ਹਾਈਵੇਅ ਕਰੇਗੀ ਜਾਮ 

ਏਜੰਸੀ

ਖ਼ਬਰਾਂ, ਪੰਜਾਬ

ਕੋਲੇ ਦੀ ਘਾਟ ਕਾਰਨ ਪੰਜਾਬ ਵਿਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਹਰ ਕੋਈ ਪਰੇਸ਼ਾਨ ਹੈ ਕਿਉਂਕਿ ਪੰਜਾਬ ਵਿਚ ਕਈ ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗ ਰਹੇ ਹਨ

Farmers to block Delhi National Highway in Jalandhar

 

ਜਲੰਧਰ - ਕੋਲੇ ਦੀ ਘਾਟ ਕਾਰਨ ਪੰਜਾਬ ਵਿਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਹਰ ਕੋਈ ਪਰੇਸ਼ਾਨ ਹੈ ਕਿਉਂਕਿ ਪੰਜਾਬ ਵਿਚ ਕਈ ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗ ਰਹੇ ਹਨ ਤੇ  ਇਸ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਜਾ ਰਿਹਾ ਹੈ। ਇਹ ਜਾਮ ਜਲੰਧਰ ਤੋਂ ਲੁਧਿਆਣਾ ਦੇ ਰਸਤੇ ਵਿਚ ਮੈਕਡੋਨਲਡ ਦੇ ਨੇੜੇ ਰਹੇਗਾ।

ਇਸ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣਾ ਵੱਲ ਦੀ ਆਵਾਜਾਈ ਵੀ ਬੰਦ ਰਹੇਗੀ। ਕਿਸਾਨ ਆਗੂਆਂ ਵੱਲੋਂ ਇਹ ਜਾਮ ਕਦੋਂ ਤੱਕ ਕੀਤਾ ਜਾਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਜਾਂ ਸੀਨੀਅਰ ਅਧਿਕਾਰੀ ਕੋਈ ਠੋਸ ਹੱਲ ਨਹੀਂ ਕੱਢਦੇ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। BKU (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਮਰਾ, ਮੁੱਖ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਜ਼ਿਲ੍ਹਾ ਯੂਥ ਮੁਖੀ ਅਮਰਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਨਹੀਂ ਦੇ ਰਹੀ।

ਜਿਸ ਕਾਰਨ ਕਿਸਾਨਾਂ ਨੂੰ ਫਸਲ ਦੀ ਬਿਜਾਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਜਾਮ ਕਾਰਨ ਜਲੰਧਰ ਤੋਂ ਲੁਧਿਆਣਾ, ਰਾਜਪੁਰਾ, ਅੰਬਾਲਾ, ਪਾਣੀਪਤ ਅਤੇ ਦਿੱਲੀ ਦਾ ਸਿੱਧਾ ਰਸਤਾ ਬੰਦ ਰਹੇਗਾ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਹਾਈਵੇ ਵਾਲੀ ਸੜਕ ਬੰਦ ਰਹੇਗੀ। ਜਲੰਧਰ ਤੋਂ ਅੰਮ੍ਰਿਤਸਰ, ਪਠਾਨਕੋਟ ਦੇ ਰਸਤੇ ਖੁੱਲ੍ਹੇ ਰਹਿਣਗੇ। ਲੋਕ ਪੀ.ਏ.ਪੀ. ਚੌਕ ਤੋਂ ਜਾ ਸਕਣਗੇ।

ਇੱਥੇ ਕੋਈ ਜਾਮ ਨਹੀਂ ਹੋਵੇਗਾ। ਕਿਸਾਨ ਆਗੂਆਂ ਦੇ ਅਨੁਸਾਰ, ਪੰਜਾਬ ਸਰਕਾਰ ਨੇ ਝੋਨੇ ਅਤੇ ਕਣਕ ਦੀ ਬਿਜਾਈ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਵੀ ਬਿਜਲੀ ਨਹੀਂ ਮਿਲ ਰਹੀ। ਹੁਣ ਕੋਲੇ ਦੀ ਘਾਟ ਕਾਰਨ ਪੰਜਾਬ ਵਿਚ ਬਿਜਲੀ ਦਾ ਸੰਕਟ ਪੈਦਾ ਹੋ ਰਿਹਾ ਹੈ। ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟ ਵੀ ਲੋੜੀਂਦੀ ਅੱਧੀ ਬਿਜਲੀ ਹੀ ਪੈਦਾ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਸ਼ਹਿਰਾਂ ਤੋਂ ਪਿੰਡਾਂ ਵਿੱਚ ਬਿਜਲੀ ਦੇ ਕੱਟ ਲਗਣੇ ਸ਼ੁਰੂ ਹੋ ਗਏ ਹਨ।