ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੌਤ
28 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸਦਮੇ ਵਿਚ ਹਨ।
ਮਾਨਸਾ: ਪੰਜਾਬ ਵਿਚ ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸ ਦੌਰਾਨ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਚ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਨੰਗਲ ਕਲਾਂ 'ਚ ਮੌਜੂਦਾ ਪੰਚਾਇਤ ਮੈਂਬਰ ਜਗਦੀਪ ਸਿੰਘ ਮੰਗਾ ਦੀ ਮੌਤ ਹੋਈ ਹੈ। 28 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸਦਮੇ ਵਿਚ ਹਨ।
ਮ੍ਰਿਤਕ ਦੇ ਪਿਤਾ ਤੇਜਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ 'ਚ ਨੌਜਵਾਨਾਂ ਵੱਲੋਂ ਸ਼ਰੇਆਮ ਨਸ਼ਾ ਵੇਚਿਆ ਜਾਂਦਾ ਹੈ। ਪੁਲਿਸ ਨੂੰ ਕਈ ਵਾਰ ਜਾਣਕਾਰੀ ਦੇਣ ਦੇ ਬਾਵਜੂਦ ਇਹਨਾਂ ਨੂੰ ਠੱਲ੍ਹ ਨਹੀਂ ਪੈ ਰਹੀ। ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਨੌਜਵਾਨ ਦੀ ਲਾਸ਼ ਨੂੰ ਨਸ਼ਾ ਵੇਚਣ ਵਾਲਿਆਂ ਦੇ ਘਰ ਰੱਖ ਕੇ ਪ੍ਰਦਰਸ਼ਨ ਵੀ ਕੀਤੀ।
ਤੇਜਾ ਸਿੰਘ ਨੇ ਕਿਹਾ ਕਿ ਕਈ ਪੁਲਿਸ ਮੁਲਾਜ਼ਮ ਵੀ ਸਿਵਲ ਕੱਪੜਿਆਂ ਵਿਚ ਇਹਨਾਂ ਨੌਜਵਾਨਾਂ ਕੋਲੋਂ ਨਸ਼ਾ ਲੈਣ ਆਉਂਦੇ ਹਨ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਮਾਂ ਦਾ ਜਵਾਨ ਪੁੱਤ ਇਸ ਦੀ ਭੇਟ ਨਾ ਚੜ੍ਹੇ।