ਸਰੀਏ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਇਆ, ਡਰਾਈਵਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਹਾਦਸਾ ਵਾਪਰਨ ਦਾ ਪ੍ਰਗਟਾਇਆ ਜਾ ਰਿਹਾ ਹੈ ਖਦਸ਼ਾ

Accident

 

ਗੜ੍ਹਸ਼ੰਕਰ - ਗੜ੍ਹਸ਼ੰਕਰ ਚੰਡੀਗੜ੍ਹ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ 'ਚ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੱਕ ਨੰਬਰ ਐੱਚ ਪੀ 12 ਐੱਨ 4424 ਜਿਸ ਵਿੱਚ ਸਰੀਆ ਲੱਦਿਆ ਹੋਇਆ ਸੀ, ਨੂੰ ਲੈ ਕੇ ਟਰੱਕ ਡਰਾਈਵਰ ਹੁਸ਼ਿਆਰਪੁਰ ਵਾਲੇ ਪਾਸੇ ਜਾ ਰਿਹਾ ਸੀ।

ਜਦ ਉਹ ਸਵੇਰੇ ਕਰੀਬ 8 ਵਜੇ ਗੁਰਸੇਵਾ ਕਾਲਜ ਪਨਾਮ ਲਾਗੇ ਪਹੁੰਚਿਆ ਤਾਂ ਬੇਕਾਬੂ ਹੋਣ ਕਰਕੇ ਟਰੱਕ ਸਫੈਦੇ ਨਾਲ ਟਕਰਾ ਗਿਆ। ਜਿਸ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਟਰੱਕ ਦੇ ਵਿੱਚ ਹੀ ਫਸ ਗਈ ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਇਹ ਹਾਦਸਾ ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਵਾਪਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਅਨੁਸਾਰ ਟਰੱਕ ਪੰਚਕੂਲਾ (ਹਰਿਆਣਾ) ਨਾਲ ਸਬੰਧਤ ਹੈ ਜਦ ਕਿ ਡਰਾਈਵਰ ਜੰਮੂ ਨਾਲ ਸਬੰਧਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਸਬੰਧੀ ਟਰੱਕ ਦੇ ਮਾਲਕਾਂ ਦੇ ਆਉਣ 'ਤੇ ਹੀ ਪੂਰੀ ਜਾਣਕਾਰੀ ਮਿਲ ਸਕੇਗੀ।