ਜੇ ਅੱਜ ਬਾਦਲ ਰੋ ਰਹੇ ਹਨ ਤਾਂ ਉਨ੍ਹਾਂ ਨੂੰ ਰੋ ਲੈਣ ਦਈਏ, ਸਿੱਖਾਂ ਦੀ ਤਾਕਤ ਨੂੰ ਬਾਦਲਾਂ ਨੇ ਵੰਡਿਆ : ਜਗਦੀਸ਼ ਸਿੰਘ ਝੀਂਡਾ
ਜੇ ਅੱਜ ਬਾਦਲ ਰੋ ਰਹੇ ਹਨ ਤਾਂ ਉਨ੍ਹਾਂ ਨੂੰ ਰੋ ਲੈਣ ਦਈਏ, ਸਿੱਖਾਂ ਦੀ ਤਾਕਤ ਨੂੰ ਬਾਦਲਾਂ ਨੇ ਵੰਡਿਆ : ਜਗਦੀਸ਼ ਸਿੰਘ ਝੀਂਡਾ
ਜਗਦੀਸ਼ ਸਿੰਘ ਝੀਂਡਾ ਨੇ ਬਾਦਲਾਂ ਨੂੰ ਦਿਤੀ ਚੇਤਾਵਨੀ
ਚੰਡੀਗੜ੍ਹ, 10 ਅਕਤੂਬਰ (ਚਰਨਜੀਤ ਸੁਰਖ਼ਾਬ): ਜਦੋਂ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਵਖਰੀ ਬਣਦੀ ਹੈ ਤਾਂ ਕਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਤੇ ਕਦੀ ਐਸਜੀਪੀਸੀ ਵਲੋਂ ਨਾਰਾਜ਼ਗੀ ਪ੍ਰਗਟ ਕੀਤੀ ਜਾਂਦੀ ਹੈ ਕਿ ਇਸ ਨਾਲ ਸ਼੍ਰੋਮਣੀ ਕਮੇਟੀ ਦੀ ਤਾਕਤ ਘਟੇਗੀ ਤੇ ਸਿੱਖਾਂ ਦੀ ਤਾਕਤ ਵੰਡੀ ਜਾਵੇਗੀ | ਇਸ ਕਮੇਟੀ ਨੂੰ ਲੈ ਕੇ ਜਗਦੀਸ਼ ਝੀਂਡਾ ਨਾਲ ਖ਼ਾਸ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਹੋਰਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿਆਸਤ ਹੋ ਰਹੀ ਹੈ ਜੇਕਰ ਸੂਬਿਆਂ ਦੀਆਂ ਇਸ ਤਰੀਕੇ ਨਾਲ ਕਮੇਟੀਆਂ ਬਣਨਗੀਆਂ ਤਾਂ ਸਿੱਖਾਂ ਦੀ ਤਾਕਤ ਵੰਡੀ ਜਾਵੇਗੀ ਤੇ ਖ਼ਾਸ ਤੌਰ 'ਤੇ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਇਹ ਬਿਆਨ ਦੇ ਰਹੀ ਹੈ ਉਹ ਇਸ ਬਾਰੇ ਕੀ ਸੋਚਦੇ ਹਨ?
ਇਸ ਦੇ ਜਵਾਬ ਵਿਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਬਾਦਲ ਪ੍ਰਵਾਰ ਕਰ ਕੇ ਹੀ ਹਰਿਆਣਾ ਕਮੇਟੀ ਦਾ ਜਨਮ ਹੋਇਆ ਹੈ ਤੇ ਜਿਵੇਂ ਪੰਜਾਬ ਦੇ ਅਕਾਲੀਆਂ ਨੇ ਵੱਡੇ ਪੰਜਾਬ ਨੂੰ ਤਿੰਨਾਂ ਹਿੱਸਿਆਂ ਵਿਚ ਵੰਡ ਦਿਤਾ ਉਦੋਂ ਵੀ ਇਸ ਦੇ ਜ਼ਿੰਮੇਵਾਰ ਪੰਜਾਬ ਦੇ ਅਕਾਲੀ ਸਨ ਤੇ ਹੁਣ ਵੀ ਇਸ ਕਮੇਟੀ ਬਣਨ ਦੇ ਜ਼ਿੰਮੇਵਾਰ ਪੰਜਾਬ ਦੇ ਅਕਾਲੀ ਹੀ ਹਨ |
ਉਨ੍ਹਾਂ ਤੋਂ ਪੁਛਿਆ ਗਿਆ ਕਿ ਅੱਜ ਸਿਆਸੀ ਧਿਰਾਂ ਹੀ ਸਿੱਖਾਂ ਦੀ ਤਾਕਤ ਨੂੰ ਵੰਡਣਾ ਚਾਹੁੰਦੀਆਂ ਨੇ ਤੇ ਕਈ ਸਿੱਧਾ ਇਸ਼ਾਰਾ ਕਰ ਰਹੇ ਨੇ ਕਿ ਝੀਂਡਾ ਭਾਜਪਾ ਦੇ ਇਸ਼ਾਰਿਆਂ 'ਤੇ ਚਲ ਰਹੇ ਹਨ | ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਪੁਛਣਾ ਚਾਹੁੰਦਾ ਹਾਂ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਨੇ ਭਾਜਪਾ ਨੂੰ ਸਿਰ 'ਤੇ ਬਿਠਾ ਕੇ ਰਖਿਆ ਤੇ ਅੱਜ ਉਨ੍ਹਾਂ ਨੂੰ ਹੀ ਗਾਲ੍ਹਾਂ ਕੱਢ ਰਹੇ ਹਨ | ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਬਦੌਲਤ ਹੀ 5 ਵਾਰ ਮੁੱਖ ਮੰਤਰੀ ਬਣੇ ਤੇ ਹੁਣ ਜੇ ਉਨ੍ਹਾਂ ਤੋਂ ਵੱਖ ਹੋ ਗਏ ਨੇ ਤਾਂ ਇਸ ਦਾ ਮਤਲਬ ਉਨ੍ਹਾਂ ਨੂੰ ਗਾਲ੍ਹਾ ਕੱਢੋ | ਇਨ੍ਹਾਂ ਦੇ 3 ਵਿਧਾਇਕ ਬਣੇ ਹਨ ਇਸ ਵਾਰ ਤੇ ਉਹ ਵੀ ਕਿਸੇ ਮੀਟਿੰਗ ਵਿਚ ਰਿਕਸ਼ੇ 'ਤੇ ਬੈਠ ਕੇ ਜਾ ਸਕਦੇ ਹਨ | ਹੁਣ ਇਨ੍ਹਾਂ ਨੂੰ ਭਾਜਪਾ ਮਾੜੀ ਲੱਗਣ ਲੱਗ ਪਈ ਹੈ ਤੇ ਇਹ ਤਾਂ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਨਹੀਂ ਮੰਨ ਰਹੇ | ਦੁਖ ਤਾਂ ਅਸਲ ਵਿਚ ਇਨ੍ਹਾਂ ਨੂੰ ਹਾਰ ਦਾ ਹੈ ਤੇ ਇਹ ਹੁਣ ਸਿਰਫ਼ ਬੇਤੁਕੀਆਂ ਗੱਲਾਂ ਕਰ ਰਹੇ ਹਨ |
ਜੇਕਰ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰਦੇ ਹਾਂ ਤਾਂ ਇਸ ਤੋਂ ਅੱਗੇ ਅਸੀਂ ਵਰਲਡ ਪੱਧਰ ਦੇ ਗੁਰਦੁਆਰਾ ਐਕਟ ਦੀ ਗੱਲ ਕਰਨੀ ਸੀ ਪਰ ਅਸੀਂ ਤਾਂ ਸੂਬਿਆਂ ਵਿਚ ਹੀ ਵੰਡੇ ਗਏ, ਕੀ ਲੱਗਦਾ ਨਹੀਂ ਕਿ ਜੋ ਅਕਾਲੀ ਦਲ ਕਹਿ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਨੂੰ ਵੰਡਿਆ ਜਾ ਰਿਹਾ ਹੈ ਉਹ ਸਹੀ ਸਾਬਤ ਹੋ ਰਿਹਾ ਹੈ?
ਇਸ ਦੇ ਜਵਾਬ ਵਿਚ ਜਗਦੀਸ਼ ਝੀਂਡਾ ਨੇ ਕਿਹਾ ਕਿ ਨਹੀਂ ਜਦੋਂ ਸ਼੍ਰੋਮਣੀ ਕਮੇਟੀ ਬਣੀ ਉਸ ਸਮੇਂ ਪੰਜਾਬ ਗੁਰਦੁਆਰਾ ਐਕਟ ਬਣਿਆ ਦਿੱਲੀ ਉਸ ਸਮੇਂ ਵੀ ਬਾਹਰ ਸੀ, ਹਜ਼ੂਰ ਸਾਹਿਬ ਸੱਭ ਬਾਹਰ ਸਨ |
ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਪੈਦਾ ਹੋਈ ਸ਼ਸ਼ੋਪੰਜ ਬਾਰੇ ਜਗਦੀਸ਼ ਝੀਂਡਾ ਨੇ ਕਿਹਾ ਕਿ 2014 ਵਿਚ ਦਾਦੂਵਾਲ ਤਰਲੇ ਮਿਨਤਾਂ ਕਰ ਕੇ ਕਮੇਟੀ ਵਿਚ ਮੈਂਬਰ ਬਣੇ ਸਨ, ਕਦੇ ਉਨ੍ਹਾਂ ਨੇ ਹੁੱਡਾ ਸਾਬ੍ਹ ਕੋਲ ਸਿਫ਼ਾਰਸ਼ ਪਾਈ, ਕਦੀ ਸਰਨਾ ਸਾਬ੍ਹ ਤੇ ਕਦੀ ਪ੍ਰਤਾਪ ਸਿੰਘ ਬਾਜਵਾ ਦੀ ਸਿਫ਼ਾਰਸ਼ ਨਾਲ ਮੈਂਬਰ ਬਣੇ | ਜਦਕਿ ਹਰਿਆਣਾ ਕਮੇਟੀ ਦੀ ਲੜਾਈ ਤਾਂ 1999 ਤੋਂ ਚਲੀ ਆ ਰਹੀ ਹੈ | ਇਸ ਲਈ ਉਨ੍ਹਾਂ ਨੇ ਸਤਿਕਾਰ ਵਜੋਂ ਦਾਦੂਵਾਲ ਨੂੰ ਸ਼ੁਕਰਾਨਾ ਸਮਾਗਮ ਲਈ ਸੱਦਾ ਦਿਤਾ ਹੈ |
ਹਰਿਆਣਾ ਵਿਚ ਪੰਥਕ ਸਿਆਸੀ ਧਿਰ ਪੈਦਾ ਕਰਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਝੀਂਡਾ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਕਮੇਟੀ ਦੇ ਗਠਨ ਤੋਂ ਬਾਅਦ ਇਲੈਕਟਿਵ ਕਮੇਟੀ ਬਣਾਈ ਜਾਵੇਗੀ | ਉਨ੍ਹਾਂ ਦਸਿਆ ਕਿ ਕਾਨੂੰਨ ਵਿਚ ਲਿਖਿਆ ਹੋਇਆ ਹੈ ਕਿ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤੇ ਮੈਂਬਰ ਜਿਥੇ ਮਰਜ਼ੀ ਵੋਟ ਪਾ ਸਕਦੇ ਹਨ ਪਰ ਕੋਈ ਵੀ ਕਿਸੇ ਖ਼ਾਸ ਸਿਆਸੀ ਧਿਰ ਨੂੰ ਸਮਰਥਨ ਦੇਣ ਦਾ ਫ਼ੈਸਲਾ ਨਹੀਂ ਕਰ ਸਕਦਾ | ਹਰਿਆਣਾ ਵਿਚ ਨਵਾਂ ਅਕਾਲੀ ਦਲ ਬਣਾਉਣ ਸਬੰਧੀ ਝੀਂਡਾ ਨੇ ਕਿਹਾ ਕਿ 1925 ਵਿਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਸਾਡੀ ਰਾਜਨੀਤਕ ਤਾਕਤ ਹੋਣੀ ਚਾਹੀਦੀ ਹੈ | ਇਸ ਲਈ ਧਰਮ ਦੀ ਸੁਰੱਖਿਆ ਲਈ ਰਾਜ ਵੀ ਜ਼ਰੂਰੀ ਹੈ | ਨਾਨਕਸ਼ਾਹੀ ਮੂਲ ਕੈਲੰਡਰ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਬੁੱਧੀਜੀਵੀਆਂ ਦੀ ਟੀਮ ਬਣਾ ਕੇ ਇਸ ਸਬੰਧੀ ਘੋਖ ਕੀਤੀ ਜਾਵੇਗੀ | ਹਰਿਆਣਾ ਕਮੇਟੀ ਦੇ ਪ੍ਰਬੰਧ ਦੀ ਅਗਲੀ ਰਣਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੋ ਭਰਾਵਾਂ ਵਿਚ ਵੰਡ ਦਾ ਸਵਾਲ ਪੈਦਾ ਹੁੰਦਾ ਹੈ ਤਾਂ ਜੇਕਰ ਉਹ ਆਪਸ ਵਿਚ ਸਮਝੌਤਾ ਨਹੀਂ ਕਰਦੇ ਤਾਂ ਅਦਾਲਤ ਨੂੰ ਦਖ਼ਲ ਦੇਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਇੰਤਜ਼ਾਰ ਕੀਤਾ ਜਾ ਰਿਹਾ ਹੈ, ਸੰਗਤ ਦਾ ਸ਼ੁਕਰਾਨਾ ਕਰਨ ਮਗਰੋਂ ਅਗਲਾ ਕਦਮ ਚੁਕਿਆ ਜਾਵੇਗਾ |