SIT ਨੇ ਲਿਆ ਕੋਟਕਪੂਰਾ ਗੋਲੀਕਾਂਡ ਵਾਲੀ ਥਾਂ ਦਾ ਜਾਇਜ਼ਾ, ਗਵਾਹਾਂ ਨਾਲ ਵੀ ਕੀਤੀ ਗੱਲ 

ਏਜੰਸੀ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਮੋਰਚੇ ਦੇ ਆਗੂਆਂ ਨੇ ਰੋਸ ਜਾਹਰ ਕਰਦਿਆਂ ਬਕਾਇਦਾ ਆਖਿਆ ਹੈ ਕਿ ਜੇਕਰ 14 ਅਕਤੂਬਰ ਤੋਂ ਪਹਿਲਾਂ ਇਨਸਾਫ਼ ਨਾ ਮਿਲਿਆ ਤਾਂ ਉਹ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ।

SIT inspected the Kotakpura shooting site, spoke to the witnesses

 

ਕੋਟਕਪੂਰਾ - ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਹਦਾਇਤ ਤੋਂ ਬਾਅਦ ਹੋਂਦ ਵਿਚ ਆਈ SIT ਦੇ ਕੁੱਝ ਮੈਂਬਰਾਂ ਨੇ ਅੱਜ ਅਚਾਨਕ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਪੁੱਜ ਕੇ ਘਟਨਾ ਸਥਾਨ ਨੇੜੇ ਕਾਫ਼ੀ ਥਾਵਾਂ ਦੀ ਗਿਣਤੀ-ਮਿਣਤੀ ਕੀਤੀ। ਐੱਸ.ਆਈ.ਟੀ. ਦੇ ਮੁਖੀ ਏਡੀਜੀਪੀ ਐੱਲ.ਕੇ. ਯਾਦਵ ਵਲੋਂ ਭੇਜੀ ਗਈ ਗੁਲਨੀਤ ਸਿੰਘ ਖੁਰਾਣਾ ਐਸਐਸਪੀ ਮੋਗਾ ਦੀ ਅਗਵਾਈ ਵਾਲੀ ਟੀਮ ਵਿਚ ਫੌਰੈਂਸਿਕ ਦੇ ਮੈਂਬਰ ਵੀ ਸ਼ਾਮਲ ਸਨ।

ਪੱਤਰਕਾਰਾਂ ਵਲੋਂ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਹਨਾਂ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ, ਮੀਡੀਆ ਤੋਂ ਪੂਰੀ ਤਰਾਂ ਦੂਰੀ ਬਣਾਈ ਰੱਖੀ ਅਤੇ ਆਪਣਾ ਕੰਮ ਕਰਦੇ ਰਹੇ। ਫੌਰੈਂਸਿਕ ਟੀਮ ਵਾਲਿਆਂ ਨੇ ਬੱਤੀਆਂ ਵਾਲਾ ਚੌਂਕ ਵਿਚ ਘਟਨਾ ਸਥਾਨ ਦੀ ਮਿਣਤੀ ਦੇ ਨਾਲ ਨਾਲ ਵੀਡੀਉਗ੍ਰਾਫ਼ੀ ਵੀ ਕੀਤੀ। ਪੰਥਕ ਹਲਕੇ ਇਸ ਨੂੰ ਬਹਿਬਲ ਮੋਰਚੇ ਵਲੋਂ 14 ਅਕਤੂਬਰ ਨੂੰ ਤਿੱਖੇ ਸੰਘਰਸ਼ ਦੇ ਕੀਤੇ ਜਾ ਰਹੇ ਐਲਾਨ ਦੇ ਨਾਲ ਵੀ ਜੋੜ ਕੇ ਦੇਖ ਰਹੇ ਹਨ।

ਬਹਿਬਲ ਕਲਾਂ ਮੋਰਚੇ ਦੇ ਆਗੂਆਂ ਨੇ ਰੋਸ ਜਾਹਰ ਕਰਦਿਆਂ ਬਕਾਇਦਾ ਆਖਿਆ ਹੈ ਕਿ ਜੇਕਰ 14 ਅਕਤੂਬਰ ਤੋਂ ਪਹਿਲਾਂ ਇਨਸਾਫ਼ ਨਾ ਮਿਲਿਆ ਤਾਂ ਉਹ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ। ਉਕਤ ਐਲਾਨ ਵਿਚ ਸਿਰਫ਼ ਦੋ ਦਿਨਾ ਦਾ ਸਮਾਂ ਬਾਕੀ ਹੈ। ਗੁਲਨੀਤ ਸਿੰਘ ਖੁਰਾਣਾ ਐਸਐਸਪੀ ਦੀ ਅਗਵਾਈ ਵਾਲੀ ਟੀਮ ਲੰਮਾ ਸਮਾਂ ਡੀਐਸਪੀ ਕੋਟਕਪੂਰਾ ਦੇ ਦਫ਼ਤਰ ਵਿਚ ਬਿਰਾਜਮਾਨ ਰਹੀ ਅਤੇ ਦਸਤਾਵੇਜਾਂ ਸਬੰਧੀ ਕਾਫ਼ੀ ਸਮਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਵਾਪਸ ਚਲੀ ਗਈ।