ਆਈ.ਐਮ.ਐਫ਼ ਨੇ ਵੀ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ, ਹੁਣ 6.8 ਵਿਕਾਸ ਦਰ ਦੀ ਉਮੀਦ

ਏਜੰਸੀ

ਖ਼ਬਰਾਂ, ਪੰਜਾਬ

ਆਈ.ਐਮ.ਐਫ਼ ਨੇ ਵੀ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ, ਹੁਣ 6.8 ਵਿਕਾਸ ਦਰ ਦੀ ਉਮੀਦ

image

ਨਵੀਂ ਦਿੱਲੀ, 11 ਅਕਤੂਬਰ : ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ) ਨੇ ਮੰਗਲਵਾਰ ਨੂੰ  2022 ਵਿਚ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਪਣੇ ਅਨੁਮਾਨ ਨੂੰ  ਘਟਾ ਕੇ 6.8 ਪ੍ਰਤੀਸ਼ਤ ਕਰ ਦਿਤਾ ਹੈ | ਇਸ ਦੇ ਨਾਲ ਹੀ ਆਈਐਮਐਫ ਵੀ ਉਨ੍ਹਾਂ ਗਲੋਬਲ ਏਜੰਸੀਆਂ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਭਾਰਤ ਦੀ ਜੀਡੀਪੀ ਦਰ ਦੇ ਅਨੁਮਾਨ ਨੂੰ  ਘਟਾਇਆ ਹੈ |
ਆਈਐਮਐਫ ਨੇ ਬੀਤੀ ਜੁਲਾਈ ਵਿਚ ਅਪ੍ਰੈਲ 2022 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ ਭਾਰਤ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ 7.4 ਪ੍ਰਤੀਸ਼ਤ ਦੇ ਵਾਧੇ ਦਾ ਅਨੁਮਾਨ ਲਗਾਇਆ ਸੀ | ਇਹ ਪੂਰਵ ਅਨੁਮਾਨ ਵੀ ਇਸ ਸਾਲ ਜਨਵਰੀ ਵਿਚ ਆਈਐਮਐਫ਼ ਵਲੋਂ ਕੀਤੇ ਗਏ ਅਨੁਮਾਨ 8.2 ਫ਼ੀ ਸਦੀ ਦੇ ਤੋਂ ਘੱਟ ਸੀ | ਵਿੱਤੀ ਸਾਲ 2021-22 (ਅਪ੍ਰੈਲ 2021 ਤੋਂ ਮਾਰਚ 2022) ਦਰਮਿਆਨ ਭਾਰਤ ਦੀ ਵਿਕਾਸ ਦਰ 8.7 ਫ਼ੀ ਸਦੀ ਸੀ |
ਮੰਗਲਵਾਰ ਨੂੰ  ਜਾਰੀ ਅਪਣੀ ਸਾਲਾਨਾ ਵਿਸ਼ਵ ਆਰਥਿਕ ਆਉਟਲੁੱਕ ਰਿਪੋਰਟ ਵਿਚ, ਆਈਐਮਐਫ਼ ਨੇ ਕਿਹਾ ਕਿ 2022 ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ ਦਾ ਸੋਧਿਆ ਅਨੁਮਾਨ 6.8 ਪ੍ਰਤੀਸ਼ਤ ਹੈ | ਇਸ ਤਰ੍ਹਾਂ, ਜੁਲਾਈ ਮਹੀਨੇ ਲਈ ਪੂਰਵ ਅਨੁਮਾਨ ਵਿਚ 0.6 ਪ੍ਰਤੀਸ਼ਤ ਅੰਕ ਦੀ ਕਟੌਤੀ ਕੀਤੀ ਗਈ ਹੈ | ਆਈਐਮਐਫ ਵਲੋਂ ਕੀਤੀ ਗਈ ਇਹ ਕਟੌਤੀ ਦੂਜੀ ਤਿਮਾਹੀ ਵਿਚ ਕੰਪਨੀਆਂ ਦੇ ਮੁਕਾਬਲਤਨ ਕਮਜ਼ੋਰ ਨਤੀਜਿਆਂ ਅਤੇ ਕਮਜ਼ੋਰ ਬਾਹਰੀ ਮੰਗ ਕਾਰਨ ਕੀਤੀ ਗਈ ਹੈ |
ਆਈਐਮਐਫ਼ ਦੁਆਰਾ 2021 ਵਿਚ ਗਲੋਬਲ ਵਿਕਾਸ ਦਰ 6.0 ਪ੍ਰਤੀਸ਼ਤ, 2022 ਵਿਚ 3.2 ਪ੍ਰਤੀਸਤ ਅਤੇ 2023 ਵਿਚ 2.7 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ | ਆਰਥਿਕ ਵਿਕਾਸ ਦੇ ਪੂਰਵ ਅਨੁਮਾਨ ਜਾਰੀ ਕਰਦੇ ਹੋਏ, ਆਈਐਮਐਫ਼ ਨੇ ਕਿਹਾ ਕਿ ਇਹ ਅੰਕੜੇ ਸੱਭ ਤੋਂ ਵੱਡੀਆਂ ਅਰਥਵਿਵਸਥਾਵਾਂ ਲਈ ਮਹੱਤਵਪੂਰਨ ਮੰਦੀ ਨੂੰ  ਦਰਸ਼ਾਉਂਦੇ ਹਨ |     (ਏਜੰਸੀ)