ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ 17 ਹੋਰ ਲੜਕੀਆਂ ਦੀ ਹੋਈ ਘਰ ਵਾਪਸੀ
ਮਸਕਟ ਓਮਾਨ ਤੇ ਇਰਾਕ ਵਿਚ ਟਰੈਵਲ ਏਜੰਟਾਂ ਦੇ ਚੁੰਗਲ ਵਿਚ ਫਸੀਆਂ ਸੀ ਇਹ ਕੁੜੀਆਂ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇਕ ਮਹੀਨੇ ਵਿਚ ਮਸਕਟ ਓਮਾਨ ਤੇ ਇਰਾਕ ਵਿਚੋਂ 17 ਕੁੜੀਆਂ ਦੀ ਸੁਰੱਖਿਅਤ ਵਾਪਸੀ ਹੋਈ ਹੈ। ਅਰਬ ਦੇਸ਼ਾਂ ਵਿਚ ਇਹ ਕੁੜੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿਚ ਫਸੀਆਂ ਹੋਈਆਂ ਸਨ। ਹੁਣ ਤਕ ਅਰਬ ਦੇਸ਼ਾਂ ਵਿਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਲਿਆਂਦੀਆਂ ਲੜਕੀਆਂ ਦੀ ਗਿਣਤੀ 48 ਤਕ ਪਹੁੰਚ ਗਈ ਹੈ। ਇਨ੍ਹਾਂ ਤੇ ਤਰ੍ਹਾਂ-ਤਰ੍ਹਾਂ ਤੇ ਤਸ਼ਦੱਦ ਕੀਤੇ ਜਾ ਰਹੇ ਸਨ।
ਵਾਪਸ ਪਰਤੀਆਂ ਇਨ੍ਹਾਂ ਲੜਕੀਆਂ ਦਾ ਅਪਣੇ ਪ੍ਰਵਾਰਾਂ ਵਿਚ ਪਰਤਣ ’ਤੇ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਦੇਸ਼ ਪਰਤੀਆਂ ਇਨ੍ਹਾਂ 17 ਕੁੜੀਆਂ ਵਿਚ ਇਕ ਕੁੜੀ ਝਾਰਖੰਡ ਦੀ ਹੈ ਤੇ ਬਾਕੀ ਪੰਜਾਬ ਦੀਆਂ ਹਨ। ਇਨ੍ਹਾਂ ਵਿਚੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਤਿੰਨ ਕੁੜੀਆਂ ਨੇ ਅਪਣੇ ਦੁੱਖਾਂ ਦੀ ਦਾਸਤਾਨ ਸੁਣਾਉਂਦਿਆਂ ਦਸਿਆ ਕਿ ਕਿਵੇਂ ਉਨ੍ਹਾਂ ਕੋਲੋਂ ਗ਼ੈਰ-ਮਨੁੱਖੀ ਕੰਮ ਕਰਵਾਇਆ ਜਾ ਰਿਹਾ ਸੀ।
ਉਨ੍ਹਾਂ ਕੋਲੋਂ ਜਬਰੀ ਵੱਡੇ ਜਾਨਵਰਾਂ ਦਾ ਮਾਸ ਕੱਟਣ ਅਤੇ ਉਨ੍ਹਾਂ ਦਾ ਭੋਜਨ ਬਣਾਉਣ ਲਈ ਕਿਹਾ ਜਾਂਦਾ ਸੀ ਜਿਹੜਾ ਕਿ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਦਾ ਸੀ ਤੇ ਨਾ ਹੀ ਸਭਿਆਚਾਰ। ਨਵਾਂ ਸ਼ਹਿਰ, ਅੰਮ੍ਰਿਤਸਰ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਆਈਆਂ ਇਨ੍ਹਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧਨਵਾਦ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਉਹ ਅਪਣੀਆਂ ਧੀਆਂ ਨੂੰ ਭੁੱਲ ਕਿ ਵੀ ਮਸਕਟ ਅਤੇ ਇਰਾਕ ਵਰਗੇ ਮੁਲਕਾਂ ਵਿਚ ਨਾ ਭੇਜਣ।
ਅੰਮ੍ਰਿਤਸਰ ਜ਼ਿਲ੍ਹੇ ਦੀ ਵਾਪਸ ਆਈ ਲੜਕੀ ਨੇ ਦਸਿਆ ਕਿ ਉੱਥੇ ਸ਼ੁਰੂ ਵਿਚ ਏਜੰਟਾਂ ਵਲੋਂ ਲੜਕੀਆਂ ਨਾਲ ਬਹੁਤ ਵਧੀਆ ਸਲੂਕ ਕੀਤਾ ਜਾਂਦਾ ਹੈ ਪਰ ਜਿਉਂ ਹੀ ਲੜਕੀਆਂ ਕੋਲੋਂ ਅਰਬੀ ਭਾਸ਼ਾ ਵਿਚ ਲਿਖੇ ਹਲਫ਼ਨਾਮੇ ਤੇ ਦਸਤਖ਼ਤ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਦਾ ਵਤੀਰਾ ਬਦਲ ਜਾਂਦਾ ਹੈ। ਇਹ ਹਲਫ਼ਨਾਮੇ ਹੀ ਇਨ੍ਹਾਂ ਲੜਕੀਆਂ ਨੂੰ ਗੁੁਲਾਮੀ ਵਲ ਧੱਕਦੇ ਹਨ ਤੇ ਸਾਲਾਬੱਧੀ ਉਨ੍ਹਾਂ ਦੇ ਚੁੰਗਲ ਵਿਚ ਫਸਾ ਦਿੰਦੇ ਹਨ। ਪੀੜਤ ਲੜਕੀਆਂ ਨੇ ਦਾਅਵਾ ਕੀਤਾ ਕਿ ਉਥੇ ਜਿਹੜੀਆਂ 2 ਲੜਕੀਆਂ ਨੇ ਅਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕੰਪਨੀ ਨੇ ਗ਼ਾਇਬ ਕਰਾ ਦਿਤਾ ਸੀ ਤੇ ਇਨ੍ਹਾਂ ਲੜਕੀਆਂ ਦਾ ਹਾਲੇ ਤਕ ਵੀ ਕੁੱਝ ਨਹੀਂ ਪਤਾ ਚਲ ਸਕਿਆ।