ਬਿਕਰਮ ਮਜੀਠੀਆ ਵਰਗਿਆਂ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦੈ : ਮੁੱਖ ਮੰਤਰੀ ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਮਜੀਠੀਏ ਦੀ ਗ੍ਰਿਫ਼ਤਾਰੀ ਦਾ ਕਾਂਗਰਸੀਆਂ ਨੇ ਕੀਤਾ ਸੀ ਵਿਰੋਧ

It takes guts to reach out to people like Bikram Majithia: Chief Minister Bhagwant Mann

ਬਠਿੰਡਾ- ਬਠਿੰਡਾ ਜ਼ਿਲ੍ਹੇ ਦੇ ਵਾਸੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਸੌਗਾਤ ਦਿੱਤੀ ਗਈ ਹੈ। ਉਨ੍ਹਾਂ ਨੇ ਰਾਮਪੁਰਾ ਫੂਲ ਵਿਖੇ ਰੇਲਵੇ ਓਵਰਬ੍ਰਿਜ਼ ਦਾ ਉਦਘਾਟਨ ਕੀਤਾ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀ ਵੱਡੀ ਦਿੱਕਤ ਤੋਂ ਰਾਹਤ ਮਿਲੀ ਹੈ। ਇਹ ਪੁਲ ਨਾ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਕਈਆਂ ਦੇ ਘਰ ਇੱਕ ਪਾਸੇ ਤੇ ਦੁਕਾਨਾਂ ਦੂਜੇ ਪਾਸੇ ਸਨ। ਜਦੋਂ ਵੀ ਰੇਲਵੇ ਫਾਟਕ ਬੰਦ ਹੁੰਦਾ ਸੀ, ਲੋਕਾਂ ਦਾ ਅੱਧਾ-ਅੱਧਾ ਘੰਟਾ ਵਿਅਰਥ ਖਰਾਬ ਹੋ ਜਾਂਦਾ ਸੀ। ਉਦਘਾਟਨ ਸਮੇਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਸ਼ਹਿਰ ਵਿੱਚ ਲੋਕ ਭਲਾਈ ਦਾ ਅਸਲੀ ਕੰਮ ਹੋਇਆ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਲੋਕਾਂ ਦੀ ਸਾਰ ਨਹੀਂ ਲਈ। ਇਕ ਪੁਲ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕੰਮ ਕਰਨ ਲਈ ਸਿਰਫ਼ ਨਿਅਤ ਸਾਫ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ 2022 ’ਚ ‘ਆਪ’ ਸਰਕਾਰ ਬਣਨ ਤੋਂ ਬਾਅਦ ਹਰ ਰੋਜ਼ ਕਿਸੇ ਨਾ ਕਿਸੇ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਹੋ ਰਿਹਾ ਹੈ। ਮਾਨ ਨੇ ਐਲਾਨ ਕੀਤਾ ਕਿ ਜਲਦ ਹੀ 19 ਹਜ਼ਾਰ ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਠੀਕ ਕੀਤੀਆਂ ਜਾਣਗੀਆਂ, ਨਾਲ ਹੀ ਨਵੇਂ ਟਰਾਂਸਫਾਰਮਰ, ਬਿਜਲੀ ਦੀਆਂ ਤਾਰਾਂ ਅਤੇ ਰੇਲਵੇ ਲਾਈਨਾਂ ਦੀ ਵੀ ਮੁਰੰਮਤ ਹੋਵੇਗੀ।

ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਹੋਰ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਸਕੂਲਾਂ ਦੀ ਸੁਧਾਰ ਯੋਜਨਾ, ਮੁਹੱਲਾ ਕਲੀਨਿਕਾਂ ਦੀ ਸਥਾਪਨਾ, ਸੜਕ ਸੁਰੱਖਿਆ ਫੋਰਸ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁੰਮਰਾਹ ਕਰਨ ਵਾਲੀਆਂ ਗੱਲਾਂ ਤੋਂ ਬਚੋ। ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਬਹੁਤ ਕੁਝ ਦਿੱਤਾ ਹੈ, ਹੁਣ ਸਾਡਾ ਵੀ ਲੋਕਾਂ ਪ੍ਰਤੀ ਕੰਮ ਕਰਨ ਦਾ ਫਰਜ਼ ਬਣਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ‘ਰਾਜ ਨਹੀਂ ਸੇਵਾ’ ਦਾ ਨਾਅਰਾ ਦੇਣ ਵਾਲਿਆਂ ਨੇ ਪੰਜਾਬ ਵਿਚ ਚਿੱਟਾ ਵੇਚਣ ਦੀ ਸੇਵਾ ਕੀਤੀ ਹੈ। ਜਦੋਂ ਅਸੀਂ ਚਿੱਟਾ ਵੇਚਣ ਵਾਲਿਆਂ ਨੂੰ ਅੰਦਰ ਕੀਤਾ ਤਾਂ ਸਾਨੂੰ ਬਹੁਤ ਸਾਰਿਆਂ ਨੇ ਕਿਹਾ ਕਿ ਇਨ੍ਹਾਂ ਨੂੰ ਹੱਥ ਪਾਇਓ। ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਕਾਂਗਰਸੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਿਆ। ਉਨ੍ਹਾਂ ਇਨ੍ਹਾਂ ਚਿੱਟੇ ਦੇ ਤਸਕਰਾਂ ਨੂੰ ਹੱਥ ਪਾਉਣ ਲਈ ਜ਼ਿਗਰਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨੀ ਨੂੰ ਨਸ਼ਿਆਂ ’ਤੇ ਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।