‘ਪੰਜਾਬ ਪੁਲਿਸ’ ਦੇ ਤਿੰਨ ਕਾਂਸਟੇਬਲ ਹੈਰੋਇਨ ਤਸ਼ਕਰੀ ਦੇ ਮਾਮਲੇ ‘ਚ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਰੋਇਨ ਤਸ਼ਕਰੀ ਦੇ ਦੋਸ਼ ਵਿਚ ਫਾਜਿਲਕਾ ਪੁਲਿਸ ਨੇ ਕਥਿਤ ਤੌਰ ‘ਤੇ ਪੰਜਾਬ ਪੁਲਿਸ ਦੇ ਤਿੰਨ ਕਾਂਸਟੇਬਲ ਗ੍ਰਿਫ਼ਤਾਰ ਕੀਤੇ ਹਨ।

Punjab Police

ਫਿਰੋਜਪੁਰ (ਪੀਟੀਆਈ) : ਹੈਰੋਇਨ ਤਸ਼ਕਰੀ ਦੇ ਦੋਸ਼ ਵਿਚ ਫਾਜਿਲਕਾ ਪੁਲਿਸ ਨੇ ਕਥਿਤ ਤੌਰ ‘ਤੇ ਪੰਜਾਬ ਪੁਲਿਸ ਦੇ ਤਿੰਨ ਕਾਂਸਟੇਬਲ ਗ੍ਰਿਫ਼ਤਾਰ ਕੀਤੇ ਹਨ। ਇਹਨਾਂ ਵਿਚ ਦੋ ਫਿਰੋਜਪੁਰ ਅਤੇ ਇਕ ਫਾਜਿਲਕਾ ਦਾ ਕਾਂਸਟੇਬਲ ਹੈ। ਹੁਣ ਤਕ ਕਾਂਸਟੇਬਲਾਂ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ। ਫਿਰੋਜਪੁਰ ਦੇ ਐਸ.ਪੀ (ਡੀ) ਬਲਜੀਤ ਸਿੰਘ ਨੇ ਫਾਜਿਲਕਾ ਪੁਲਿਸ ਵੱਲੋਂ ਕਾਂਸਟੇਬਲਾਂ ਦੇ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਦੇ ਮੁਤਾਬਿਕ, ਫਿਰੋਜਪੁਰ ਦੇ ਦੋ ਅਤੇ ਫਾਜਿਲਕਾ ਦਾ ਇਕ ਕਾਂਸਟੇਬਲ ਹੈਰੋਇਨ ਤਸ਼ਕਰੀ ਦਾ ਧੰਦਾ ਕਰਦੇ ਸੀ।

ਇਹਨਾਂ ਨੂੰ ਰੰਗੇਹੱਥੀਂ ਫੜਨ ਲਈ ਫਾਜਿਲਕਾ ਸੀ.ਆਈ.ਏ ਸਟਾਫ ਨੇ ਯੋਜਨਾ ਤਿਆਰ ਕੀਤੀ। ਸੀ.ਆਈ.ਏ ਸਟਾਫ਼ ਨੇ ਹੈਰੋਇਨ ਲੈਣ ਲਈ ਅਪਣਾ ਮੁਖਬਰ ਉਹਨਾਂ ਕੋਲ ਭੇਜਿਆ। ਮੁਖਬਰ ਨੇ ਫਾਜਿਲਕਾ ਦੇ ਇਕ ਕਾਂਸਟੇਬਲ ਨਾਲ ਸੰਪਰਕ ਕੀਤਾ। ਜਦੋਂ ਫਾਜਿਲਕਾ ਦਾ ਕਾਂਸਟੇਬਲ ਹੈਰੋਇਨ (120 ਗ੍ਰਾਮ) ਲੈ ਕੇ ਮੁਖਬਰ ਦੇ ਕੋਲ ਪਹੁੰਚਿਆ, ਸੀ.ਆਈ.ਏ ਸਟਾਫ਼  ਫਾਜਿਲਕਾ ਦੇ ਇੰਚਾਰਜ ਹਰਬੰਸ ਲਾਲ ਨੇ ਪੁਲਿਸ ਪਾਰਟੀ ਦੇ ਨਾਲ ਉਸ ਨੂੰ ਫੜ ਲਿਆ। ਪੁਛ-ਗਿਛ ਅਧੀਨ ਉਕਤ ਫੜੇ ਗਏ ਕਾਂਸਟੇਬਲ ਨੇ ਮੰਨ ਲਿਆ ਹੈ ਕਿ ਉਕਤ ਹੈਰੋਇਨ ਫਿਰੋਜਪੁਰ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ (ਮੁਨਸ਼ੀ) ਤੋਂ ਲੈ ਕੇ ਆਇਆ ਹੈ।

ਫਾਜਿਲਕਾ ਪੁਲਿਸ ਫਿਰੋਜਪੁਰ ਦੇ ਕਾਂਸਟੇਬਲ ਨੂੰ ਚੁੱਕ ਕੇ ਅਪਣੇ ਨਾਲ ਲੈ ਗਈ। ਜਦੋਂ ਉਸ ਤੋਂ ਪੁਛ-ਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਕਤ ਹੈਰੋਇਨ ਆਸਫ਼ਵਾਲਾ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਕਾਂਸਟੇਬਲ ਤੋਂ ਲਈ ਹੈ। ਫਾਜਿਲਕਾ ਪੁਲਿਸ ਨੇ ਤੀਜੇ ਕਾਂਸਟੇਬਲ ਨੂੰ ਵੀ ਕਾਬੂ ਕਰ ਲਿਆ ਹੈ ਅਤੇ ਅਪਣੇ ਨਾਲ ਲੈ ਗਈ ਹੈ। ਤਿੰਨਾਂ ਕਾਂਸਟੇਬਲਾਂ ਤੋਂ ਪੁਛ-ਗਿਛ ਕੀਤੀ ਜਾ ਰਹੀ ਹੈ ਕਿ ਹੈਰੋਇਨ ਕਿਸ ਤਸ਼ਕਰ ਤੋਂ ਲੈ ਕੇ ਅੱਗੇ ਸਪਲਾਈ ਕਰਦੇ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਸਟੇਬਲਾਂ ਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਫਾਜਿਲਕਾ ਸੀਆਈਏ ਸਟਾਫ਼ ਦੇ ਇੰਚਾਰਜ ਹਰਬੰਸ ਲਾਲ ਸੰਪਰਕ ਕਰਨ ‘ਤੇ ਉਹਨਾਂ ਨੇ ਕਿਹਾ ਕਿ ਹੈਰੋਇਨ ਤਸ਼ਕਰੀ ‘ਚ ਕਿਸੇ ਵੀ ਕਾਂਸਟੇਬਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।