ਅੱਜ ਤੋਂ ਆਮ ਲੋਕਾਂ ਲਈ ਬਾਬੇ ਨਾਨਕ ਦੇ ਘਰ ਦਾ ਰਾਹ ਖੁਲ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੇ ਦਿਨ ਸਿਰਫ਼ ਸਿਆਸਤਦਾਨਾਂ ਤੇ ਸ਼ਖ਼ਸੀਅਤਾਂ ਨੇ ਕੀਤੇ ਦਰਸ਼ਨ

For the common people, Baba Nanak's house opened the way

ਡੇਰਾ ਬਾਬਾ ਨਾਨਕ, (ਗੁਰਦਾਸਪੁਰ) (ਹੇਮੰਤ ਨੰਦਾ) : ਸਿੱਖ ਕੌਮ ਦੀ 70 ਸਾਲਾਂ ਦੀ ਅਰਦਾਸ ਬੀਤੇ ਦਿਨ ਕਰਤਾਰਪੁਰ ਲਾਂਘਾ ਖੋਲ੍ਹਣ ਨਾਲ ਪੂਰੀ ਹੋ ਗਈ। ਹਾਲਾਂਕਿ ਪਹਿਲੇ ਦਿਨ ਮੁੱਖ ਸਿਆਸਤਦਾਨਾਂ ਅਤੇ ਹੋਰ ਲੋਕਾਂ ਨੂੰ ਹੀ ਪਹਿਲੇ ਜੱਥੇ 'ਚ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ ਪਰ ਅੱਜ ਤੋਂ ਆਮ ਲੋਕਾਂ ਲਈ ਬਾਬੇ ਨਾਨਕ ਦੇ ਘਰ ਦਾ ਰਾਹ ਖੁਲ੍ਹ ਗਿਆ ਅਤੇ ਸੰਗਤਾਂ ਹੁਣ ਪੂਰਾ ਸਾਲ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ ਪਰ ਸ਼ਰਧਾਲੂਆਂ ਨੂੰ ਉਸੇ ਸ਼ਾਮ ਵਾਪਸ ਪਰਤਣਾ ਪਵੇਗਾ।

ਇੰਝ ਹੋਵੇਗੀ ਪਾਕਿਸਤਾਨ 'ਚ ਦਾਖ਼ਲ ਹੋਣ ਦੀ ਪ੍ਰਕਿਰਿਆ
ਲਾਂਘੇ ਦੀ ਸ਼ੁਰੂਆਤ 'ਤੇ ਬਣੇ ਚੈੱਕ ਪੁਆਇੰਟ 'ਤੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਈ-ਰਿਕਸ਼ਾ ਰਾਹੀਂ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸੁਰੱਖਿਆ ਵਿਚਕਾਰ ਟਰਮੀਨਲ ਤਕ ਲਿਜਾਇਆ ਜਾਵੇਗਾ। ਟਰਮੀਨਲ 'ਤੇ ਫਿਰ ਤੋਂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਇਥੋਂ ਸਖ਼ਤ ਸੁਰੱਖਿਆ ਵਿਚਕਾਰ ਜੱਥਾ ਪੈਦਲ ਅਤੇ ਈ-ਰਿਕਸ਼ਾ ਰਾਹੀਂ ਜ਼ੀਰੋ ਲਾਈਨ ਤਕ ਲਿਜਾਇਆ ਜਾਵੇਗਾ। ਜ਼ੀਰੋ ਲਾਈਨ 'ਤੇ ਇਕ ਵਾਰ ਫਿਰ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਇਸ ਤੋਂ ਬਾਅਦ ਸ਼ਰਧਾਲੂ ਪਾਕਿਸਤਾਨ ਦੀ ਸਰਹੱਦ 'ਚ ਦਾਖ਼ਲ ਹੋਣਗੇ।

ਯਾਤਰਾ ਦੌਰਾਨ ਧਿਆਨ ਦੇਣ ਯੋਗ ਗੱਲਾਂ
ਸ੍ਰੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਸ਼ਰਧਾਲੂ ਹੋਰ ਕਿਸੇ ਥਾਂ 'ਤੇ ਨਹੀਂ ਘੁੰਮ ਸਕਣਗੇ। ਸ਼ਰਧਾਲੂ ਸਵੇਰੇ 4 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆਉਣਗੇ। ਸ਼ਰਧਾਲੂ ਅਪਣੇ ਨਾਲ ਮੋਬਾਈਲ ਫ਼ੋਨ ਜਾਂ ਫਿਰ ਕੈਮਰਾ ਨਹੀਂ ਲਿਜਾ ਸਕਣਗੇ। ਉਨ੍ਹਾਂ ਨੂੰ ਉਥੇ ਫ਼ੋਟੋ ਖਿੱਚਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ਰਧਾਲੂ ਅਪਣੇ ਨਾਲ 11 ਹਜ਼ਾਰ ਰੁਪਏ ਨਕਦੀ ਅਤੇ 7 ਕਿੱਲੋ ਦਾ ਬੈਗ ਹੀ ਲੈ ਕੇ ਜਾ ਸਕਦੇ ਹਨ। ਸ਼ਰਧਾਲੂਆਂ ਲਈ ਗੁਰਦਵਾਰਾ ਸਾਹਿਬ 'ਚ ਲੰਗਰ ਅਤੇ ਪ੍ਰਸਾਦ ਦੀ ਵਿਵਸਥਾ ਰਹੇਗੀ।