ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰਾਂ ਨੂੰ ਪੰਜਾਬ ਸਰਕਾਰ ਦੇਵੇਗੀ ਸਮਾਰਟ ਫ਼ੋਨ
ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰਾਂ ਨੂੰ ਪੰਜਾਬ ਸਰਕਾਰ ਦੇਵੇਗੀ ਸਮਾਰਟ ਫ਼ੋਨ
ਬਲਬੀਰ ਸਿੱਧੂ ਨੇ ਮੀਟਿੰਗ ਵਿਚ ਕਈ ਅਹਿਮ ਮੰਗਾਂ ਪ੍ਰਵਾਨ ਕੀਤੀਆਂ
ਚੰਡੀਗੜ੍ਹ, 10 ਨਵੰਬਰ (ਗੁਰਉਪਦੇਸ਼ ਭੁੱਲਰ): ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰਾਂ ਨੂੰ ਪੰਜਾਬ ਸਰਕਾਰ ਉਨ੍ਹਾਂ ਦੀ ਡਿਊਟੀ ਸਬੰਧੀ ਜ਼ਰੂਰਤ ਨੂੰ ਦੇਖਦੇ ਹੋਏ ਸਮਾਰਟ ਫ਼ੋਨ ਦੇਵੇਗੀ। ਅੱਜ ਇਥੇ ਸੂਬੇ ਦੇ ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀਆਂ ਨੇਤਾਵਾਂ ਦੇ ਵਫ਼ਦ ਨਾਲ ਹੋਈ ਮੀਟਿੰਗ ਵਿਚ ਕਈ ਅਹਿਮ ਮੰਗਾਂ ਪ੍ਰਵਾਨ ਕਰ ਕੇ ਇਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਤਾ ਗਿਆ ਹੈ।
ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੌਲਾ ਨੇ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦਸਿਆ ਕਿ ਸਮਾਰਟ ਫ਼ੋਨ ਤੋਂ ਦੀਵਾਲੀ ਤੋਂ ਪਹਿਲਾਂ ਹੀ ਦੇਣ ਦਾ ਭਰੋਸਾ ਮਿਲਿਆ ਹੈ। ਹੋਰ ਪ੍ਰਵਾਨ ਮੰਗਾਂ ਵਿਚ ਹਰਿਆਣਾ ਪੈਟਰਨ ਤੇ ਸਹੂਲਤਾਂ ਦੇਣ, ਫੈਸਿਲੀਟੇਟਰਾਂ ਦਾ ਯਾਤਰਾ ਭੱਤਾ 250 ਰੁਪਏ ਤੋਂ ਵਧਾ ਕੇ 500 ਰੁਪਏ ਕਰਨ, ਸਰਦੀ ਦੀ ਵਰਦੀ ਲਈ 900 ਰੁਪਏ ਦੀ ਅਦਾਇਗੀ ਕੀਤੇ ਜਾਣ, ਬੀਮਾ ਕਰਵਾਏ ਜਾਣ ਅਤੇ ਹੋਰ ਨੌਕਰੀਆਂ ਵਿਚ 10 ਫ਼ੀ ਸਦੀ ਰਾਖਵਾਂਕਰਨ ਲਾਗੂ ਕੀਤਾ ਜਾਣਾ ਸ਼ਾਮਲ ਹਨ। ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਵਲੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਬਣਦੀਆਂ ਸੰਭਵ ਸਹੂਲਤਾਂ ਜ਼ਰੂਰ ਦੇਵੇਗੀ। ਮੰਤਰੀ ਨੂੰ ਮਿਲਣ ਵਾਲੇ ਆਸ਼ਾ ਵਰਕਰਾਂ ਤੇ ਫੈਸਲੀਟੇਟਰ ਦੇ ਵਫ਼ਦ ਵਿਚ ਜਸਵੀਰ ਕੌਰ ਭਾਦਸੋਂ, ਸੰਤੋਸ਼ ਕੁਮਾਰੀ ਫ਼ਿਰੋਜ਼ਪੁਰ, ਸ਼ਿੰਦਰਪਾਲ ਕੌਰ ਬਠਿੰਡ, ਦਲਜੀਤ ਕੌਰ ਫ਼ਰੀਦਕੋਟ, ਮਨਦੀਪ ਕੌਰ ਮੋਗਾ, ਨਿਰਮਲ ਕੌਰ ਬਡਾਲੀ ਆਲਾ ਸਿੰਘ, ਪਵਨਪ੍ਰੀਤ ਕੌਰ ਬਰਨਾਲਾ ਤੇ ਮਨਜੀਤ ਕੌਰ ਸੰਗਰੂਰ ਆਦਿ ਸ਼ਾਮਲ ਸਨ।
ਫ਼ੋਟੋ: ਬਲਬੀਰ ਸਿੰਘ
ਬਲਬੀਰ ਸਿੱਧੂ ਨੇ ਮੀਟਿੰਗ ਵਿਚ ਕਈ ਅਹਿਮ ਮੰਗਾਂ ਪ੍ਰਵਾਨ ਕੀਤੀਆਂ, ਫ਼ੈਸਲੀਟੇਟਰ ਦਾ ਯਾਤਰਾ ਭੱਤਾ ਵੀ 250 ਤੋਂ ਵਧਾ ਕੇ 500 ਕੀਤਾ