ਜਿੱਤ ਦਾ ਸਰੂਰ:ਭਾਜਪਾ ਆਗੂ ਲਾਉਣ ਲੱਗੇ 'ਖਿਆਲੀ ਉਡਾਰੀ' ਅਖੇ, 'ਬਿਹਾਰ ਤੋਂ ਬਾਦ ਹੁਣ ਪੰਜਾਬ ਦੀ ਵਾਰੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਹਾਰ ਵਾਲਾ ਚਮਤਕਾਰ ਪੰਜਾਬ ਵਿਚ ਵਾਪਰਨ ਦੇ ਆਸਾਰ ਮੱਧਮ

Narinder Modi

ਚੰਡੀਗੜ੍ਹ :  ਬਿਹਾਰ ਚੋਣਾਂ 'ਚ ਮਿਲੀ ਸਫ਼ਲਤਾ ਤੋਂ ਬਾਅਦ ਭਾਜਪਾ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਇਸ ਤੋਂ ਪਹਿਲਾਂ ਚੋਣ ਸਰਵੇਖਣਾਂ ਦੇ ਦਾਅਵਿਆਂ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਨੂੰ ਮੋਦੀ ਲਹਿਰ ਦੇ ਖ਼ਤਮ ਹੋਣ ਦੀ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਸੀ ਪਰ ਬਿਹਾਰ ਦੇ ਨਤੀਜਿਆਂ ਨੇ ਇਸ ਸੋਚ ਨੂੰ ਪਿਛਲ-ਪੈਰੀ ਕੀਤਾ ਹੈ। ਨਤੀਜਿਆਂ ਤੋਂ ਉਤਸ਼ਾਹਿਤ ਭਾਜਪਾ ਆਗੂ ਹੁਣ 'ਬਿਹਾਰ ਤੋਂ ਬਾਅਦ ਪੰਜਾਬ ਦੀ ਵਾਰੀ' ਵਰਗੇ ਬਿਆਨ ਦੇਣ ਲੱਗੇ ਹਨ। ਪੰਜਾਬ ਨਾਲ ਸਬੰਧਤ ਭਾਜਪਾ ਆਗੂ ਚੋਣ ਨਤੀਜਿਆਂ ਤੋਂ ਕਾਫ਼ੀ ਉਤਸ਼ਾਹਤ ਹਨ।

ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਭਾਜਪਾ ਦੀਆਂ ਪੰਜਾਬ ਅੰਦਰ ਰਾਹਵਾਂ ਇੰਨੀਆਂ ਅਸਾਨ ਵੀ ਨਹੀਂ ਹਨ। ਵੈਸੇ ਵੀ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਭਾਜਪਾ ਦੀ ਪੰਜਾਬ ਅੰਦਰ ਹਾਲਤ ਇਸ ਸਮੇਂ 'ਨਾ ਤਿੰਨ 'ਚ ਨਾ ਤੇਰਾਂ 'ਚ' ਵਾਲੀ ਬਣਦੀ ਜਾ ਰਹੀ ਹੈ। ਮਸਲੇ ਦਾ ਸੁਖਾਵਾਂ ਹੱਲ ਨਾ ਨਿਕਲਣ ਦੀ ਸੂਰਤ 'ਚ ਖੇਤੀ ਪ੍ਰਧਾਨ ਸੂਬੇ ਪੰਜਾਬ ਅੰਦਰ ਸਮੇਂ ਦਾ ਸਿਕੰਦਰ ਬਣਨ ਦੀ ਭਾਜਪਾ ਦੀ ਚਾਹਤ ਮੁਗੇਰੀ ਲਾਲ ਦੀ ਸੁਪਨੇ ਹੀ ਸਾਬਤ ਹੋਵੇਗੀ।

ਪੰਜਾਬ ਅੰਦਰ ਭਾਜਪਾ ਦੀ ਵੁਕਤ ਅਕਾਲੀ ਦਲ ਨਾਲ ਕੀਤੇ ਗਠਜੋੜ ਸਹਾਰੇ ਸੀ, ਜੋ ਹੁਣ ਟੁੱਟ ਚੁੱਕਾ ਹੈ। ਦੋਵਾਂ ਪਾਰਟੀਆਂ ਦੇ ਤੇਵਰਾਂ ਤੋਂ ਨੇੜ ਭਵਿੱਖ 'ਚ ਦੋਵਾਂ ਵਿਚਾਲੇ ਮੁੜ ਨੇੜਤਾ ਦੀਆਂ ਸੰਭਾਵਨਾਵਾਂ ਕਾਫ਼ੀ ਮੱਧਮ ਹਨ। ਪੰਜਾਬ ਫਤਿਹ ਕਰਨ ਲਈ ਭਾਜਪਾ ਨੂੰ ਕਿਸੇ ਸਹਾਰੇ ਦੀ ਲੋੜ ਹੈ, ਜੋ ਕਿਸਾਨੀ ਸੰਘਰਸ਼ ਕਾਰਨ ਮਿਲਣਾ ਸੰਭਵ ਨਹੀਂ। ਭਾਜਪਾ ਵਲੋਂ ਸਿੱਖ ਚਿਹਰਿਆਂ ਨੂੰ ਪਾਰਟੀ ਅੰਦਰ ਲਿਆਉਣ ਦੀ ਮੁਹਿੰਮ ਵੀ ਖਟਾਈ 'ਚ ਪੈ ਚੁੱਕੀ ਹੈ। ਪੇਂਡੂ ਇਲਾਕਿਆਂ ਵਿਚਲੇ ਜ਼ਿਆਦਾਤਰ ਆਗੂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ ਜਾਂ ਕਰਨ ਬਾਰੇ ਸੋਚ ਰਹੇ ਹਨ।

ਪੰਜਾਬ ਦੀ ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਬਿਹਾਰ ਦੇ ਨਤੀਜਿਆਂ ਤੋਂ ਉਤਸ਼ਾਹਤ ਹੋ ਕੇ ਪੰਜਾਬ ਜਿੱਤਣ ਦੇ ਸੁਪਨੇ ਵੇਖਣਾ ਖਿਆਲੀ ਪਲਾਓ ਪਕਾਉਣ ਤੋਂ ਵੱਧ ਕੁੱਝ ਵੀ ਨਹੀਂ। ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜਿੱਥੇ ਦੀ ਸਿਆਸਤ ਦੇ ਨਤੀਜੇ ਹਮੇਸ਼ਾ ਬਾਕੀ ਸੂਬਿਆਂ ਤੋਂ ਉਲਟ ਆਉਂਦੇ ਰਹੇ ਹਨ। ਅਰਵਿੰਦ ਕੇਜਰੀਵਾਲ ਲਹਿਰ ਨੂੰ ਜਿੱਥੇ ਪੂਰੇ ਦੇਸ਼ ਅੰਦਰ ਅਸਫ਼ਲਤਾ ਹੱਥ ਲੱਗੀ ਸੀ, ਉਥੇ ਹੀ ਪੰਜਾਬ ਅੰਦਰ 4 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਹੋਈਆਂ ਚੋਣਾਂ ਦੌਰਾਨ ਵੀ ਮੋਦੀ ਲਹਿਰ ਅਪਣਾ ਰੰਗ ਵਿਖਾਉਣ 'ਚ ਕਾਮਯਾਬ ਨਹੀਂ ਸੀ ਹੋ ਸਕੀ।

ਰਹਿੰਦੀ ਖੂੰਹਦੀ ਕਸਰ ਖੇਤੀ ਕਾਨੂੰਨਾਂ ਨੇ ਕੱਢ ਦਿਤੀ ਹੈ। ਪੰਜਾਬ ਅੰਦਰ ਗਿਣਤੀ ਦੇ ਮੋਦੀ ਭਗਤਾਂ ਨੂੰ ਛੱਡ ਕੇ ਸਮੂਹ ਲੋਕਾਈ ਤਰਾਹ-ਤਰਾਹ ਕਰ ਰਹੀ ਹੈ। ਚੌਂਕ-ਚੁਰਾਹਿਆਂ 'ਤੇ ਹੁੰਦੀਆਂ ਚਰਚਾਵਾਂ 'ਚ ਵੀ ਖੇਤੀ ਕਾਨੂੰਨਾਂ ਸਮੇਤ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਮੁੱਦੇ ਛਾਏ ਰਹਿੰਦੇ ਹਨ। ਪੰਜਾਬੀਆਂ ਅੰਦਰ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਇਸ ਸਮੇਂ ਇੰਦਰਾ ਗਾਂਧੀ ਵਾਲੀ ਬਣੀ ਹੋਈ ਹੈ। ਜਿਵੇਂ ਕਿਸੇ ਸਮੇਂ ਕਾਂਗਰਸ ਨੂੰ ਸਿੱਖਾਂ ਅਤੇ ਪੰਜਾਬ ਦੀ ਦੁਸ਼ਮਣ ਜਮਾਤ ਸਮਝਿਆ ਜਾਂਦਾ ਸੀ, ਉਹੋ ਜਿਹੀ ਮਨੋਦਿਸ਼ਾ ਇਸ ਵਕਤ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਬਾਰੇ ਵੇਖਣ ਨੂੰ ਮਿਲ ਰਹੀ ਹੈ।

ਭਾਜਪਾ ਦੀਆਂ ਇਕ ਦੇਸ਼, ਇਕ ਕਾਨੂੰਨ, ਇਕ ਭਾਸ਼ਾ ਅਤੇ ਇਕ ਨੇਤਾ ਵਾਲੀਆਂ ਨੀਤੀਆਂ ਵੀ ਪੰਜਾਬੀਆਂ ਨੂੰ ਰਾਸ ਨਹੀਂ ਆ ਰਹੀਆਂ। ਪੰਜਾਬੀ ਹਮੇਸ਼ਾ ਸਰਬ-ਸਾਂਝੀਵਾਲਤਾ ਦੇ ਮੁਦਈ ਰਹੇ ਹਨ। ਬਿਹਾਰ 'ਚ ਭਾਜਪਾ ਵਲੋਂ ਨਿਤੀਸ਼ ਕੁਮਾਰ ਤੋਂ ਵੱਧ ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਨੂੰ ਵੀ ਖੇਤਰੀ ਪਾਰਟੀਆਂ ਅਤੇ ਸੰਘੀ ਢਾਚੇ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਪੰਜਾਬ ਸਮੇਤ ਜੰਮੂ ਕਸ਼ਮੀਰ 'ਚ ਚੁੱਕੇ ਜਾ ਰਹੇ ਕਦਮਾਂ ਨੂੰ ਘੱਟ ਗਿਣਤੀਆਂ 'ਤੇ ਹਮਲਾ ਸਮਝਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ਅੰਦਰ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਨਾ, ਬਾਹਰੀ ਲੋਕਾਂ ਨੂੰ ਜ਼ਮੀਨ ਖ਼ਰੀਦਣ ਦਾ ਅਧਿਕਾਰ ਦੇਣ ਸਮੇਤ ਪੰਜਾਬ ਅੰਦਰ ਖੇਤੀ ਕਾਨੂੰਨਾਂ ਨੁੰ ਹਰ ਹਾਲ ਲਾਗੂ ਕਰਨ ਦੀ ਜਿੱਦ ਵੀ ਇਹੀ ਪ੍ਰਭਾਵ ਦੇ ਰਹੀ ਹੈ। ਬਿਹਾਰ ਦੀ ਤਰਜ 'ਤੇ ਪੰਜਾਬ 'ਚ ਚਮਤਕਾਰ ਕਰਨ ਦੀ ਚਾਹਤ ਦੇ ਸੱਚ 'ਚ ਬਦਲਣ ਦੇ ਅਸਾਰ ਕਿਧਰੇ ਵਿਖਾਈ ਨਹੀਂ ਦੇ ਰਹੇ।