ਕਿਸਾਨਾਂ ਨਾਲ ਬੈਠਕ ਨੂੰ ਸਹਿਜ ਬਣਾਉਣ ਲਈ ਤੁਰਤ ਮਾਲ ਗੱਡੀਆਂ ਬਹਾਲ ਕਰੇ ਮੋਦੀ ਸਰਕਾਰ : ਸੰਧਵਾਂ
ਕਿਸਾਨਾਂ ਨਾਲ ਬੈਠਕ ਨੂੰ ਸਹਿਜ ਬਣਾਉਣ ਲਈ ਤੁਰਤ ਮਾਲ ਗੱਡੀਆਂ ਬਹਾਲ ਕਰੇ ਮੋਦੀ ਸਰਕਾਰ : ਸੰਧਵਾਂ
ਚੰਡੀਗੜ੍ਹ, 10 ਨਵੰਬਰ (ਸੁਰਜੀਤ ਸਿੰਘ ਸੱਤੀ): ਪੰਜਾਬ ਵਿਚ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਵਲੋਂ ਮਿਲਣ ਦੇ ਸੱਦੇ ਸਬੰਧੀ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਬਾਰੇ ਅਪਣੇ ਵਿਚਾਰ ਪ੍ਰਗਟਾਉਂਦਿਆਂ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਵੇਂ ਇਹ ਫ਼ੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ, ਪ੍ਰੰਤੂ ਫਿਰ ਵੀ ਇਹ ਸਵਾਗਤਯੋਗ ਕਦਮ ਹੈ ਅਤੇ ਕੇਂਦਰ ਸਰਕਾਰ ਨੂੰ ਸੰਜ਼ੀਦਾ ਢੰਗ ਨਾਲ ਇਸ ਗੱਲਬਾਤ ਵਿਚ ਭਾਗ ਲੈਂਦਿਆਂ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨ ਅਪਣੀਆਂ ਵਾਜਬ ਮੰਗਾਂ ਲਈ ਹੀ ਘਰ-ਬਾਰ ਛੱਡ ਕੇ ਸੜਕਾਂ ਉਤੇ ਬੈਠੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਬਹੁਤ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰ ਦੇਣਾ ਚਾਹੀਦਾ ਸੀ, ਪ੍ਰੰਤੂ ਹੁਣ ਵੀ ਜੇਕਰ ਸਰਕਾਰ ਸੁਹਿਰਦ ਮਾਹੌਲ ਵਿਚ ਇਹ ਗੱਲਬਾਤ ਨੇਪਰੇ ਚੜ੍ਹਦੀ ਹੈ ਤਾਂ ਪੰਜਾਬ ਨੂੰ ਹੋ ਰਹੇ ਆਰਥਕ ਨੁਕਸਾਨ ਅਤੇ ਪੰਜਾਬ ਦੀ ਖੇਤੀ ਨੂੰ ਮਾਰਨ ਦੇ ਮਨਸੂਬਿਆਂ 'ਤੇ ਰੋਕ ਲਗਾਈ ਜਾ ਸਕਦੀ ਹੈ।