ਪੰਜਾਬ ਕਾਂਗਰਸ 'ਚ ਨਹੀਂ ਹੋਵੇਗਾ ਕੋਈ ਫੇਰਬਦਲ, ਜਾਖੜ ਹੱਥ ਹੀ ਰਹੇਗੀ ਕਮਾਨ

ਏਜੰਸੀ

ਖ਼ਬਰਾਂ, ਪੰਜਾਬ

ਹਰੀਸ਼ ਰਾਵਤ ਨੇ ਕੀਤਾ ਸਪਸ਼ਟ

Sunil Kumar Jakhar

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਸੂਬੇ 'ਚ ਅਜੇ ਸੰਗਠਨ ਜਾਂ ਸਰਕਾਰ 'ਚ ਫੇਰਬਦਲ ਦੀ ਕੋਈ ਯੋਜਨਾ ਨਹੀਂ ਬਣ ਰਹੀ ਹੈ। ਰਾਵਤ ਨੇ ਕਿਹਾ ਕਿ ਫਿਲਹਾਲ ਸੂਬਾ ਕਾਂਗਰਸ ਦਾ ਪ੍ਰਧਾਨ ਬਦਲਣ ਦੇ ਕੋਈ ਆਸਾਰ ਨਹੀਂ ਹਨ। ਪਾਰਟੀ ਆਪਣੀ ਲੋੜ ਦੇ ਹਿਸਾਬ ਨਾਲ ਸਮੇਂ-ਸਮੇਂ 'ਤੇ ਫੈਸਲਾ ਲੈਂਦੀ ਹੈ ਪਰ ਅਜੇ ਕੋਈ ਅਜਿਹੀ ਯੋਜਨਾ ਨਹੀਂ ਹੈ।

ਦਰਅਸਲ ਪੰਜਾਬ ਅੰਦਰ ਹਰੀਸ਼ ਰਾਵਤ ਦੀਆਂ ਅਚਨਚੇਤ ਸਰਗਰਮੀਆਂ ਨੂੰ ਵੇਖ ਕੇ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਕਾਂਗਰਸ ਵਿਚ ਫੇਰ-ਬਦਲ ਹੋਵੇਗਾ। ਪਿਛਲੇ ਦਿਨੀਂ ਰਾਵਤ ਨੇ ਵੀ ਜਾਖੜ ਦੀ ਕਾਰਗੁਜਾਰੀ ਉੱਪਰ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਲੀਡਰਸ਼ਿਪ ਪਾਰਟੀ ਅੰਦਰਲੀ ਖਿੱਚੋਤਾਣ ਨੂੰ ਖਤਮ ਕਰਨ ਵਿਚ ਅਸਫਲ ਰਹੀ ਹੈ। ਇਸ ਮਗਰੋਂ ਜਾਖੜ ਨੇ ਕਿਹਾ ਸੀ ਜੇ ਉਹ ਅਸਫਲ ਹਨ ਤਾਂ ਹਾਈਕਮਾਨ ਉਨ੍ਹਾਂ ਨੂੰ ਹਟਾ ਸਕਦੀ ਹੈ।

ਹੁਣ ਰਾਵਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਜੇ ਕੋਈ ਫੇਰ-ਬਦਲ ਨਹੀਂ ਹੋਵੇਗਾ। ਪੰਜਾਬ 'ਚ ਕਾਂਗਰਸੀ ਵਰਕਰਾਂ ਦੇ ਡਿੱਗਦਿਆਂ ਮਨੋਬਲ ਤੇ ਸੱਤਾ ਵਿਰੋਧੀ ਲਹਿਰ 'ਤੇ ਰਾਵਤ ਨੇ ਕਿਹਾ ਕਿ ਕਾਂਗਰਸ ਕਾਫੀ ਮਜਬੂਤ ਹੈ ਤੇ ਵਰਕਰਾਂ 'ਚ ਪੂਰਾ ਜੋਸ਼ ਹੈ। ਪੰਜਾਬ 'ਚ ਦੁਬਾਰਾ ਸਰਕਾਰ ਬਣੇਗੀ। ਉਨ੍ਹਾਂ ਕਿਹਾ ਪੰਜਾਬ ਬਿਹਾਰ ਨਹੀਂ ਹੈ। ਬਿਹਾਰ ਚੋਣਾਂ 'ਚ ਕਾਂਗਰਸ ਦੇ ਫੇਲ੍ਹ ਹੋਣ ਤੇ ਰਾਵਤ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਕਿਸੇ ਨੇ ਕਾਂਗਰਸ ਹਾਈਕਮਾਨ ਦੇ ਖਿਲਾਫ ਆਵਾਜ਼ ਨਹੀਂ ਚੁੱਕੀ ਤੇ ਕੁਝ ਸਮਾਂ ਪਹਿਲਾਂ ਜਿਹੜੇ ਲੀਡਰਾਂ ਨੇ ਆਵਾਜ਼ ਚੁੱਕੀ ਸੀ ਇਹ ਮਾਮਲਾ ਸੁਲਝ ਚੁੱਕਾ ਹੈ।