ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀਆਂ ਸਬੰਧੀ ਆਪੇ ਬਣੇ ਜਥੇਦਾਰ ਮੰਡ ਨੂੰ ਸਪੱਸ਼ਟੀਕਰਨ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀਆਂ ਸਬੰਧੀ ਆਪੇ ਬਣੇ ਜਥੇਦਾਰ ਮੰਡ ਨੂੰ ਸਪੱਸ਼ਟੀਕਰਨ ਭੇਜਿਆ

image

ਅੰਮ੍ਰਿਤਸਰ, 10 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਆਪੇ ਬਣੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅਪਣੇ ਸਾਥੀਆਂ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਿਸ ਤਰ੍ਹਾਂ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ 4 ਹਫ਼ਤਿਆਂ ਵਿਚ ਡਰੱਗਜ਼ ਅਤੇ ਬੇਅਦਬੀਆਂ ਦੇ ਦੋਸ਼ੀ ਬੇਨਕਾਬ ਕਰ ਕੇ ਜੇਲਾਂ ਵਿਚ ਡੱਕੇ ਜਾਣਗੇ। ਭਾਈ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ 5 ਦਸੰਬਰ ਨੂੰ ਤਲਬ ਕੀਤਾ ਹੈ। ਭਾਵੇਂ ਉਨ੍ਹਾਂ ਸਪੱਸ਼ਟੀਕਰਨ ਭੇਜਦਿਆਂ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਅਤੇ ਗੋਲੀਬਾਰੀ ਨਾਲ ਸਬੰਧਤ ਮਾਮਲਿਆਂ ਵਿਚ ਮੇਰੇ ਕਾਰਜਕਾਲ ਦੌਰਾਨ ਹੋਈ ਪ੍ਰਗਤੀ ਰੀਪੋਰਟ ਸੂਚਨਾ ਹਿਤ ਭੇਜ ਦਿਤੀ ਹੈ। ਇਹ ਸਾਰੇ ਮਾਮਲੇ ਇਸ ਵੇਲੇ ਵੱਖ ਵੱਖ ਅਦਾਲਤਾਂ ਵਿਚ ਵਿਚਾਰ ਅਧੀਨ ਹਨ। 
ਭਾਈ ਮੰਡ ਮੁਤਾਬਕ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਏਲਚੀਆਂ ਪੰਚ-ਪ੍ਰਧਾਨੀ ਪ੍ਰਥਾ ਅਨੁਸਾਰ ਸੁਖਜਿੰਦਰ ਸਿੰਘ ਰੰਧਾਵਾ ਹੁਣ ਉਪ ਮੁੱਖ ਮੰਤਰੀ ਗ੍ਰਹਿ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਬੀਰ ਸਿੰਘ ਜ਼ੀਰਾ, ਕੁਸ਼ਲਦੀਪ ਸਿੰਘ ਢਿੱਲੋਂ, ਹਰਮਿੰਦਰ ਸਿੰਘ ਗਿੱਲ ( ਸਾਰੇ ਵਿਧਾਇਕ) ਪੇਸ਼ ਹੋ ਕੇ ਸਪੱਸ਼ਟੀਕਰਨ ਦਿਤਾ ਸੀ। ਇਨ੍ਹਾਂ ਪੰਜਾਂ ਏਲਚੀਆਂ ਸਾਰੀ ਜ਼ੁੰਮੇਵਾਰੀ ਕੈਪਟਨ ਅਮਰਿੰਦਰ ਸਿੰਘ ’ਤੇ ਸੁੱਟੀ, ਇਸ ਕਾਰਨ ਕੈਪਟਨ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਨਾ ਤਾਂ ਪੇਸ਼ ਹੋਏ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਭੇਜਿਆ। ਭਾਈ ਮੰਡ ਨੇ ਬੇਅਦਬੀਆਂ ਸਬੰਧੀ ਆਈਆਂ ਰੁਕਾਵਟਾਂ ਨੂੰ ਜਨਤਕ ਤੌਰ ਤੇ ਦਸਣ ਲਈ ਮੁੜ ਇਕ ਮੌਕਾ ਦਿਤਾ ਹੈ ਤਾਂ ਜੋ ਉਹ ਆਪ ਪੇਸ਼ ਹੋ ਕੇ ਜਾਣਕਾਰੀ ਸਿੱਖ ਸੰਗਤ ਨੂੰ ਦੇਣ । ਇਹ ਵੀ ਵਿਚਾਰ ਕੀਤੀ ਗਈ ਕਿ ਪੰਜ ਏਲਚੀਆਂ ਵਿਚੋਂ ਉੱਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ, ਦੁਆਰਾ ਬੇਅਦਬੀਆਂ ਸਬੰਧੀ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਤੇ ਹਾਲੇ ਨਜ਼ਰ ਰੱਖਣ ਦੀ ਲੋੜ ਹੈ । ਇਸ ਲਈ ਇਕ ਮੌਕਾ ਰੰਧਾਵਾ ਨੂੰ ਦਿਤਾ ਜਾਂਦਾ ਹੈ ਕਿ ਉਹ ਵੇਰਵੇ ਸਹਿਤ ਦਸਣ ਕਿ ਰੁਕਾਵਟਾਂ ਤੇ ਸਾਜ਼ਸ਼ਾਂ ਕਿਸ ਕੋਲੋਂ ਕੀਤੀਆਂ ਗਈਆਂ ਹਨ। ਇਸ ਕਰ ਕੇ ਪੰਜਾਂ ਏਲਚੀਆਂ ਸਬੰਧੀ ਫ਼ੈਸਲਾ 5 ਦਸੰਬਰ ਤਕ ਰਾਂਖਵਾ ਰਖਿਆ ਜਾਂਦਾ ਹੈ। ਇਸ ਮੌਕੇ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਬੂਟਾ ਸਿੰਘ, ਹਿੰਮਤ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਨਛੱਤਰ ਸਿੰਘ ਆਦਿ ਸਿੰਘ ਮੌਜੂਦ ਸਨ।