ਅਕਾਲੀਆਂ 'ਤੇ ਵਰ੍ਹੇ ਸੀਐੱਮ ਚੰਨੀ, 'ਮਜੀਠੀਏ ਦੇ ਨਾਂਅ 'ਤੇ ਪੰਜਾਬ 'ਚ ਨਸ਼ਾ ਨਹੀਂ ਵਿਕਣ ਦੇਣਾ'

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਦਾਰ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਨੂੰ ਖ਼ਰਾਬ ਕੀਤਾ ਹੈ

Charanjeet Channi

 

ਚੰਡੀਗੜ੍ਹ  - ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸਦਨ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸੰਬੋਧਨ ’ਚ ਅਕਾਲੀਆਂ ਨੂੰ ਅਪਣੇ ਨਿਸ਼ਾਨੇ 'ਤੇ ਲਿਆ। ਪੰਜਾਬ ’ਚ ਸ਼ਰੇਆਮ ਵਿੱਕ ਰਹੇ ਨਸ਼ੇ ਨੂੰ ਲੈ ਕੇ ਸੀਐੱਮ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਦਾਰ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਨੂੰ ਖ਼ਰਾਬ ਕੀਤਾ ਹੈ। ਪੰਜਾਬ ’ਚ ਹੁਣ ਨਸ਼ਾ ਨਹੀਂ ਵਿੱਕਣ ਦੇਣਾ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੇ ਨਸ਼ੇ ’ਚ ਡੋਬ ਕੇ ਰੱਖ ਦਿੱਤਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਨੇ ਨਸ਼ੇ ’ਚ ਡੋਬ ਕੇ ਨੌਜਵਾਨ ਪੀੜ੍ਹੀ ਦਾ ਘਾਣ ਕਰ ਦਿੱਤਾ ਹੈ। 

ਚੰਨੀ ਨੇ ਕਿਹਾ ਕਿ ਨਸ਼ੇ ਦੀ ਵਿੱਕਰੀ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ। ਉਹਨਾਂ ਨੇ ਅਕਾਲੀ ਦਲ 'ਤੇ ਵਰਦੇ ਹੋਏ ਕਿਹਾ ਕਿ ਅਕਾਲੀ ਇਹ ਚਾਹੁੰਦੇ ਹਨ ਕਿ ਨਸ਼ਾ ਆਈ ਜਾਵੇ ਅਤੇ ਮਜੀਠੀਏ ਦੇ ਨਾਂ ’ਤੇ ਵਿੱਕੀ ਜਾਵੇ ਪਰ ਹੁਣ ਪੰਜਾਬ ਵਿਚ ਅਜਿਹਾ ਨਹੀਂ ਹੋਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਸਰਹੱਦਾਂ ਨੂੰ ਸੀਲ ਕੀਤਾ ਜਾਵੇ। 

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਗ੍ਰਹਿ ਮੰਤਰੀ ਨੂੰ ਦੋ ਚਿੱਠੀਆਂ ਲਿਖੀਆਂ ਹਨ, ਇਕ ਪੰਜਾਬ ਦੀ ਸਰਹੱਦ ਸੀਲ ਕਰਨ ਬਾਰੇ ਅਤੇ ਦੂਜਾ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਬਾਰੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੀ.ਜੇ.ਪੀ. ਅਤੇ ਆਰ.ਐੱਸ.ਐੱਸ ਦੇ ਹੱਥਾਂ ’ਚ ਕਰ ਦਿੱਤਾ ਹੈ। ਆਰ.ਐੱਸ.ਐੱਸ ਪੰਜਾਬ ਦੀ ਦੁਸ਼ਮਣ ਹੈ।