ਲੁਧਿਆਣਾ ਪੁਲਿਸ ਨੇ ਤਿੰਨ ਨਸ਼ਾ ਤਸਕਰ ਕੀਤੇ ਕਾਬੂ, ਮੁਲਜ਼ਮ ਦਿੱਲੀ ਤੋਂ ਲਿਆਉਂਦੇ ਸਨ ਨਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1 ਕਿਲੋ ਅਫੀਮ ਸਮੇਤ ਹਥਿਆਰ ਵੀ ਬਰਾਮਦ

photo

 

ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ 'ਚ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸ਼ਹਿਰ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਤਸਕਰੀ ਕਰਦੇ ਸਨ। ਗੁਪਤਾ ਸੂਚਨਾ ਦੇ ਆਧਾਰ 'ਤੇ ਐਂਟੀਨਾਰਕੋਟਿਕ ਸੈੱਲ-1 ਦੀ ਪੁਲਿਸ ਨੇ ਛਾਪੇਮਾਰੀ ਕਰਕੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।

ਇਨ੍ਹਾਂ ਮੁਲਜ਼ਮਾਂ ਦੇ ਨਾਈਜੀਰੀਅਨਾਂ ਨਾਲ ਸਬੰਧ ਸਾਹਮਣੇ ਆ ਰਹੇ ਹਨ। ਮੁਲਜ਼ਮ ਦਿੱਲੀ ਤੋਂ ਨਸ਼ਾ ਲਿਆ ਕੇ ਸ਼ਹਿਰ ਵਿੱਚ ਸਪਲਾਈ ਕਰਦੇ ਸਨ। ਪਹਿਲੇ ਮਾਮਲੇ ਵਿੱਚ ਪੁਲਿਸ ਨੇ ਬੀਆਰਐਸ ਨਗਰ ਦੇ ਰਹਿਣ ਵਾਲੇ ਪਰਮਵੀਰ ਸਿੰਘ ਉਰਫ਼ ਮਾਰਸ਼ਲ ਨੂੰ ਕਰੇਟਾ ਕਾਰ, 300 ਗ੍ਰਾਮ ਹੈਰੋਇਨ ਅਤੇ 40 ਹਜ਼ਾਰ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। 

ਇਸੇ ਤਰ੍ਹਾਂ ਪਿੰਡ ਸੁਨੇਤ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਜੁਪੀਟਰ ਸਕੂਟੀ ਵਿੱਚ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਜਦੋਂ ਛਾਪਾ ਮਾਰ ਕੇ ਉਸ ਸਕੂਟੀ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 24 ਗ੍ਰਾਮ ਆਈਸ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 1 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਨੂੰ ਪੁਲਿਸ ਨੇ ਨੇੜਲੇ ਗੁਰਦੁਆਰਾ ਸਿੰਘ ਸਭਾ ਪਿੰਡ ਸੁਨੇਤ ਤੋਂ ਗ੍ਰਿਫ਼ਤਾਰ ਕੀਤਾ ਹੈ। ਤੀਜੇ ਮਾਮਲੇ 'ਚ ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਦਾਣਾ ਮੰਡੀ ਨੇੜੇ ਅਰੋੜਾ ਕੱਟ ਲਾਈਟਾਂ ਤੋਂ ਕਥਿਤ ਦੋਸ਼ੀ ਕੰਵਲਜੀਤ ਸਿੰਘ ਉਰਫ਼ ਕੱਪੂ ਨੂੰ 32 ਬੋਰ ਸਮੇਤ ਇੱਕ ਪਿਸਤੌਲ, 7 ਜਿੰਦਾ ਕਾਰਤੂਸ ਅਤੇ 2 ਮੈਗਜ਼ੀਨ ਸਮੇਤ ਕਾਬੂ ਕੀਤਾ ਹੈ |

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਇਹ ਦੋਸ਼ੀ ਦਿੱਲੀ ਤੋਂ ਨਾਈਜੀਰੀਅਨ ਲੋਕਾਂ ਨੂੰ ਨਸ਼ਾ ਵੇਚਦੇ ਸਨ। ਪੁਲਿਸ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਮੁਲਜ਼ਮਾਂ ਦੀ ਡਰੱਗ ਚੇਨ ਨੂੰ ਤੋੜਿਆ ਜਾ ਸਕੇ। ਮੁਲਜ਼ਮ ਸ਼ਹਿਰ ਵਿੱਚ ਜਿਨ੍ਹਾਂ ਲੋਕਾਂ ਨੂੰ ਨਸ਼ਾ ਸਪਲਾਈ ਕਰਦੇ ਸਨ, ਉਨ੍ਹਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।