ਮੋਗਾ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਨਾਲ ਹੋਈ ਐਕਟਿਵਾ ਦੀ ਜ਼ਬਰਦਸਤ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਡੀ.ਐਮ. ਦਫਤਰ 'ਚ ਬਤੌਰ ਸੁਪਰਡੈਂਟ ਤੈਨਾਤ ਊਸ਼ਾ ਰਾਣੀ ਦੀ ਡਿਊਟੀ ਤੋਂ ਘਰ ਆਉਂਦੇ ਸਮੇਂ ਹੋਈ ਮੌਤ

Moga Accident News

ਮੋਗਾ : ਸ਼ਹਿਰ ਦੀ ਖੂਨੀ ਸੜਕ ਵਜੋਂ ਜਾਣੀ ਜਾਂਦੀ ਗਾਂਧੀ ਰੋਡ ਨੇੜੇ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਾਰ ਫਿਰ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਮੋਗਾ ਦੇ ਐਸ.ਡੀ.ਐਮ. ਦਫਤਰ ਵਿਚ ਬਤੌਰ ਸੁਪਰਡੈਂਟ ਤੈਨਾਤ  ਊਸ਼ਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।  ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਪਲੇਠੀ ਦੇ ਨਾਲ-ਨਾਲ ਕੰਡਾ (ਵਾਹਨ ਦਾ ਭਾਰ ਤੋਲਣ ਵਾਲੀ ਮਸ਼ੀਨ) ਵੀ ਲੱਗੀ ਹੋਈ ਹੈ।

ਜਿਸ ਕਾਰਨ ਭਾਰੀ ਵਾਹਨਾਂ ਦਾ ਇੱਥੋਂ ਲੰਘਣਾ ਆਮ ਗੱਲ ਹੈ ਅਤੇ ਕਈ ਵਾਰ ਵਾਪਰੇ ਸੜਕ ਹਾਦਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਕਈ ਵਾਰ ਪਲੇਠੀ ਨੂੰ ਚੁੱਕਣ ਲਈ ਇੱਥੇ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ। ਸਮਾਂ ਬਦਲਿਆ, ਸਮੇਂ ਦੇ ਨਾਲ ਸਰਕਾਰਾਂ ਬਦਲੀਆਂ, ਪਰ ਪਲੇਠੀ  ਤੇ ਕੰਡਾ ਉਹੀ ਰਿਹਾ।  ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਮੀਡੀਆ ਨਾਲ ਰੂ-ਬ-ਰੂ ਹੋ ਕੇ ਜਿੱਥੇ ਰਾਹਗੀਰ ਅਜਮੇਰ ਸਿੰਘ ਅਤੇ ਕੌਂਸਲਰ ਬਲਜੀਤ ਸਿੰਘ ਚੰਨੀ ਨੇ ਘਟਨਾ ਦੀ ਜਾਣਕਾਰੀ ਦਿੱਤੀ, ਉੱਥੇ ਹੀ ਇਸ ਸੜਕ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ਹਿਰ ਤੋਂ ਦੂਰ ਪਲੇਠੀ ਚੁੱਕਣ ਦੀ ਮੰਗ ਉੱਠਣ ਲੱਗੀ ਹੈ।  

ਇੱਥੇ ਪੁਲਿਸ ਥਾਣਾ ਸਿਟੀ ਇੱਕ ਦੇ ਇੰਚਾਰਜ ਦਲਜੀਤ ਸਿੰਘ ਨੇ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸਾ ਐਕਟਿਵਾ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਅਤੇ ਜਿਸ ਵਿੱਚ ਐਸਡੀਐਮ ਦਫ਼ਤਰ ਵਿੱਚ ਬਤੌਰ ਸੁਪਰਡੈਂਟ ਤੈਨਾਤ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।