ਜਲੰਧਰ ਜ਼ਿਲ੍ਹੇ 'ਚ ਡੇਂਗੂ ਦੇ ਸਭ ਤੋਂ ਜ਼ਿਆਦਾ ਮਰੀਜ਼, ਗਿਣਤੀ ਪਹੁੰਚੀ 324 ਦੇ ਕਰੀਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਸ਼ਹਿਰ 'ਚ 42 ਮਰੀਜ਼ ਡੇਂਗੂ ਮੱਛਰ ਦੇ ਡੰਗ ਦਾ ਹੋਏ ਸ਼ਿਕਾਰ

Dengue

 

ਜਲੰਧਰ : ਮੌਸਮ ਵਿੱਚ ਬਦਲਾਅ ਦੇ ਨਾਲ ਹੀ  ਸੂਬੇ ਵਿੱਚ ਡੇਂਗੂ ਦੇ ਮੱਛਰ ਨੇ ਲੋਕਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਹੀ ਦਿਨਾਂ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 324 ਤੱਕ ਪਹੁੰਚ ਗਈ ਹੈ। ਜੇਕਰ ਜਲੰਧਰ ਸ਼ਹਿਰ ਦੀ ਹੀ ਗੱਲ ਕਰੀਏ ਤਾਂ ਹੁਣ ਤੱਕ 42 ਮਰੀਜ਼ ਡੇਂਗੂ ਮੱਛਰ ਦੇ ਡੰਗ ਦਾ ਸ਼ਿਕਾਰ ਹੋ ਚੁੱਕੇ ਹਨ।

ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸਿਹਤ ਵਿਭਾਗ ਵਿੱਚ ਵੀ ਹੜਕੰਪ ਮਚ ਗਿਆ ਹੈ। ਸਿਵਲ ਸਰਜਨਾਂ ਤੋਂ ਲੈ ਕੇ ਮੈਡੀਕਲ ਅਫਸਰਾਂ ਤੱਕ, ਹਰ ਕੋਈ ਡੇਂਗੂ ਦੇ ਡੰਗ ਨੂੰ ਰੋਕਣ ਲਈ ਯਤਨ ਕਰ ਰਿਹਾ ਹੈ। ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਅਧੀਨ ਆਉਂਦੇ ਪਿੰਡਾਂ ਤੋਂ ਲੈ ਕੇ ਸ਼ਹਿਰ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ।

ਇਸ ਤੋਂ ਇਲਾਵਾ ਡੇਂਗੂ ਦਾ ਪ੍ਰਕੋਪ ਵਧਣ ਕਾਰਨ ਸਿਹਤ ਵਿਭਾਗ ਨੇ ਲਾਰਵੇ ਦੀ ਜਾਂਚ ਲਈ ਟੀਮਾਂ ਵੀ ਮੈਦਾਨ ਵਿੱਚ ਉਤਾਰੀਆਂ ਹਨ। ਟੀਮਾਂ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਫਰਿੱਜ-ਕੂਲਰ ਅਤੇ ਟਾਇਰਾਂ ਜਾਂ ਛੱਤਾਂ 'ਤੇ ਪਾਣੀ ਜਮ੍ਹਾ ਹੋਣ ਵਾਲੀਆਂ ਹੋਰ ਚੀਜ਼ਾਂ 'ਚ ਡੇਂਗੂ ਦਾ ਲਾਰਵਾ ਲੱਭ ਰਹੀਆਂ ਹਨ। ਸ਼ਹਿਰ ਵਿੱਚ ਡੇਂਗੂ ਦੇ ਪ੍ਰਕੋਪ ਦੇ ਮੱਦੇਨਜ਼ਰ ਪ੍ਰਭਾਵਿਤ ਇਲਾਕਿਆਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ।