ਦੋਸਤ ਵੱਲੋਂ ਖ਼ਰੀਦੀ ਟਿਕਟ ਨੇ ਜਸਵਿੰਦਰ ਸਿੰਘ ਦੀ ਬਦਲੀ ਕਿਸਮਤ
ਪੀਸੀਸੀਪੀਐਲ ’ਚ ਅਪ੍ਰੇਟਰ ਜਸਵਿੰਦਰ ਇਨਾਮੀ ਰਾਸ਼ੀ ਦਾ ਇਕ ਹਿੱਸਾ ਆਪਣੇ ਦੋਸਤ ਨੂੰ ਦੇਣਗੇ
ਡੇਰਾਬੱਸੀ : ਡੇਰਾਬੱਸੀ ਦੀ ਪੀਸੀਸੀਪੀਐੱਲ ਕੰਪਨੀ ਵਿਚ ਕੰਮ ਕਰਦੇ ਆਪ੍ਰੇਟਰ ਜਸਵਿੰਦਰ ਸਿੰਘ ਦੀ ਜ਼ਿੰਦਗੀ ਦਿਵਾਲੀ ਬੰਪਰ ਨਾਲ ਬਦਲ ਗਈ ਹੈ। ਪੰਜਾਬ ਸਟੇਟ ਲਾਟਰੀ ਦੇ ਡੀਅਰ ਦਿਵਾਲੀ ਬੰਪਰ ਵਿਚ ਉਸਦੀ ਖ਼ਰੀਦੀ ਟਿਕਟ ਦਾ ਇਨਾਮ ਇਕ ਕਰੋੜ ਰੁਪਏ ਨਿਕਲਿਆ ਹੈ। ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸਾਮੜੂ ਨੇੜੇ ਰਾਏਵਾਲੀ, ਜ਼ਿਲ੍ਹਾ ਅੰਬਾਲਾ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪਿਛਲੇ 15-16 ਸਾਲਾਂ ਤੋਂ ਲਾਟਰੀਆਂ ਖ਼ਰੀਦਦਾ ਆ ਰਿਹਾ ਸੀ। ਜਸਵਿੰਦਰ ਨੇ ਦੱਸਿਆ ਕਿ ਉਹ ਪਿਛਲੇ ਸੱਤ ਸਾਲਾ ਤੋਂ ਆਪਣੇ ਸਾਥੀ ਇਰਫਾਨ ਅਲੀ ਤੋਂ ਹੀ ਲਾਟਰੀਆਂ ਮੰਗਵਾਉਂਦਾ ਸੀ। ਇਸ ਵਾਰ ਵੀ ਉਨ੍ਹਾਂ ਨੇ 10 ਅਕਤੂਬਰ ਨੂੰ ਦੀਵਾਲੀ ਬੰਪਰ ਦੀਆਂ ਦੋ ਟਿਕਟਾਂ ਮੰਗਵਾਈਆਂ ਸਨ। ਬਰਕਤ ਵਾਲਾ ਟਿਕਟ ਨੰਬਰ ਏ-8216020 ਇਕ ਕਰੋੜ ਰੁਪਏ ਦਾ ਨਿਕਲਿਆ। ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਡਰਾਅ ਨਿਕਲਿਆ ਸੀ।
ਰਾਤ ਦੀ ਡਿਊਟੀ ਤੋਂ ਬਾਅਦ ਉਹ ਘਰ ਆ ਕੇ ਸੌਂ ਗਿਆ। ਸਵੇਰੇ ਜਦੋਂ ਨੈੱਟ ’ਤੇ ਨਤੀਜਾ ਵੇਖਿਆ ਤਾਂ ਉਸਦੇ ਹੱਥ ਪੈਰ ਕੰਬ ਗਏ ਕਿ ਉਸ ਦਾ ਨੰਬਰ ਲੱਗਿਆ ਹੋਇਆ ਸੀ। ਸ਼ੁਰੂ ਵਿਚ ਜਸਵਿੰਦਰ ਦੀ ਪਤਨੀ ਕਰਮਜੀਤ ਕੌਰ ਨੇ ਇਸ ’ਤੇ ਯਕੀਨ ਨਹੀਂ ਕੀਤਾ, ਪਰ ਲਾਟਰੀ ਵੇਚਣ ਵਾਲੇ ਨੇ ਇਨਾਮ ਦੀ ਪੁਸ਼ਟੀ ਕੀਤੀ। ਇਹ ਟਿਕਟ ਡੇਰਾਬੱਸੀ ਰਾਮਲੀਲਾ ਮੈਦਾਨ ਨੇੜੇ ਵਿੱਕੀ ਲਾਟਰੀ ਸੈਂਟਰ ਤੋਂ ਜਸਵਿੰਦਰ ਦੇ ਸਾਥੀ ਇਰਫਾਨ ਅਲੀ ਵੱਲੋਂ ਖ਼ਰੀਦਿਆ ਗਿਆ ਸੀ।
ਜਸਵਿੰਦਰ ਨੇ ਸ਼ੁੱਕਰਵਾਰ ਨੂੰ ਆਪਣੇ ਭੂਆ ਦੇ ਪੁੱਤਰ, ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਹੈ, ਦੇ ਨਾਲ ਚੰਡੀਗੜ੍ਹ ਸੈਕਟਰ 33 ਵਿਚ ਲਾਟਰੀ ਦਫ਼ਤਰ ’ਚ ਦਸਤਾਵੇਜ਼ ਜਮ੍ਹਾਂ ਕਰਵਾਏ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਗਿਆ। ਉਹ ਕਹਿੰਦਾ ਹੈ, ਇਹ ਰੱਬ ਦੀ ਮੇਹਰ ਹੈ। ਪੈਸਿਆਂ ਨਾਲ ਪਹਿਲਾਂ ਮੰਦਰ, ਗੁਰਦੁਆਰਾ, ਗੁੱਗਾ ਮਾੜੀ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਪੜ੍ਹਾਈ ’ਤੇ ਖਰਚ ਕਰਾਂਗਾ। ਜਸਵਿੰਦਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਰਫਾਨ ਅਲੀ, ਜੋ ਸਾਲਾਂ ਤੋਂ ਉਸ ਲਈ ਟਿਕਟਾਂ ਲਿਆਉਂਦਾ ਸੀ, ਨੂੰ ਇਨਾਮ ਦੀ ਰਕਮ ਵਿਚੋਂ ਮਾਣ-ਤਾਣ ਦੇਵੇਗਾ।