Punjab ਦੀਆਂ ਮੰਡੀਆਂ ’ਚ ਹੁਣ ਤੱਕ ਪਹੁੰਚਿਆ 150 ਮੀਟਰਕ ਟਨ ਤੋਂ ਵੱਧ ਝੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ

More than 150 metric tonnes of paddy has reached Punjab markets so far

ਚੰਡੀਗੜ੍ਹ : ਸੂਬੇ ਵਿੱਚ ਹਾਲ ਹੀ ’ਚ ਆਏ ਹੜ੍ਹਾਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਦੀਆਂ ਮੰਡੀਆਂ ਵਿੱਚ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਅਤੇ ਬਿਹਤਰ ਬੁਨਿਆਦੀ ਢਾਂਚੇ ਸਦਕਾ ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ (ਐਲ.ਐਮ.ਟੀ.) ਦੇ ਅੰਕੜੇ ਨੂੰ ਪਾਰ ਕਰਨ ਵਿੱਚ ਸਫਲ ਹੋਈ ਹੈ।
ਝੋਨੇ ਦੇ ਖਰੀਦ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਸਦਕਾ 10 ਨਵੰਬਰ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ  ਲਾਭ ਦਿੱਤਾ ਗਿਆ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਟਿਆਲਾ ਜ਼ਿਲ੍ਹਾ ਹੁਣ ਤੱਕ 96852 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਪ੍ਰਦਾਨ ਕਰਕੇ ਸਭ ਤੋਂ ਅੱਗੇ ਹੈ।
ਝੋਨੇ ਦੀ ਆਮਦ ਦੇ ਸੰਬੰਧ ਵਿੱਚ, 10 ਨਵੰਬਰ ਸ਼ਾਮ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੁੱਲ 15180075.88 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 15035129.93 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ ਜੋ ਕਿ 99 ਫ਼ੀਸਦ ਬਣਦਾ ਹੈ। ਕੁੱਲ 13567492.78 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ ਹੁਣ ਤੱਕ ਖਰੀਦੀ ਗਈ ਕੁੱਲ ਫਸਲ ਦਾ 90 ਫ਼ੀਸਦ ਦੇ ਕਰੀਬ ਬਣਦਾ ਹੈ। ਅਦਾਇਗੀਆਂ ਦੇ ਸਬੰਧ ਵਿੱਚ ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।