ਬਾਦਲਾਂ ਨੂੰ ਦਰਬਾਰ ਸਾਹਿਬ ਦੀ ਬਜਾਏ ਪਿੰਡਾਂ ਦੀਆਂ ਸੱਥਾਂ ‘ਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਸਿੰਘ ਖਹਿਰਾ ਗਰੁੱਪ, ਡਾ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਅਤੇ ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ...

sukhbir with sukhpal

ਮਾਨਸਾ (ਭਾਸ਼ਾ) : ਸੁਖਪਾਲ ਸਿੰਘ ਖਹਿਰਾ ਗਰੁੱਪ, ਡਾ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਅਤੇ ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ ਆਪਣੇ ਤੀਜੇ ਦਿਨ ਦੇ ਦੌਰਾਨ ਮਾਨਸਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਦੀ ਗੁਜਰਿਆ। ਮਾਨਸਾ ਦੇ ਪਿੰਡਾਂ ਉੱਭਾ , ਬੁਰਜ ਹਰੀ , ਤਾਮਕੋਟ , ਜੋਗਾ ਅਤੇ ਰੱਲਾ ਵਿੱਚ ਭਾਰੇ ਕੱਠਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਸੱਤਾਧਿਰ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਕਰੜੇ ਹੱਥੀ ਲਿਆ। ਉਨਾਂ ਕਿਹਾ ਕਿ ਤੀਹ ਪੈਂਤੀ ਸਾਲਾਂ ਦੇ ਸਮੇਂ ਵਿੱਚ ਹੀ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ 2.5 ਲੱਖ ਕਰੋੜ ਦੇ ਕਰਜੇ ਹੇਠ ਦੱਬ ਦਿੱਤਾ ਹੈ ,

ਜੋ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀਆਂ ਭ੍ਰਿਸ਼ਟਾਚਾਰੀ ਮੰਸ਼ਾ ਕਰਕੇ ਹੋਇਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਚ ਫੈਲੇ ਨਸ਼ੇ , ਦਿਨੋ ਦਿਨ ਵਧ ਰਹੀਆਂ ਖੁਦਕੁਸ਼ੀਆਂ, ਬਰਬਾਦ ਹੋਈਆਂ ਸਿਹਤ ਸੁਵਿਧਾਵਾਂ ਤੇ ਬਰਬਾਦ ਹੋਈ ਸਿੱਖਿਆ ਅਤੇ ਪੰਜਾਬ ਤੇ ਚੜੇ ਲਈ ਭ੍ਰਿਸ਼ਟਾਚਾਰੀ ਕਾਂਗਰਸ ਅਤੇ ਅਕਾਲੀਦਲ ਦੋਵੇਂ ਹੀ ਜਿੰਮੇਵਾਰ ਹਨ। ਬਾਦਲ ਪਰਿਵਾਰ ਦੀ ਮੁਆਫ਼ੀ ਨੂੰ ਡਰਾਮਾ ਕਰਾਰ ਦਿੰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਦਰਬਾਰ ਸਾਹਿਬ ਵਿੱਚ ਮੁਆਫ਼ੀ ਮੰਗਣ ਦਾ ਮਹਿਜ ਡਰਾਮਾ ਕਰ ਰਹੇ ਹਨ।

ਜੇ ਉਹਨਾਂ ‘ਚ ਹਿੰਮਤ ਹੈ ਤਾਂ ਪਿੰਡਾਂ ਦੀਆਂ ਸੱਥਾਂ ਚ ਆ ਕੇ ਉਹਨਾਂ ਲੋਕਾਂ ਤੋਂ ਮੁਆਫੀ ਮੰਗਣ ਜਿੰਨ੍ਹਾ ਦੀ ਜਿੰਦਗੀ ਉਹਨਾਂ ਨੇ ਪਿਛਲੇ ਦਸ ਸਾਲਾਂ ‘ਚ ਬਰਬਾਦ ਕਰ ਦਿੱਤੀ ਹੈ। ਲੋਕ ਇਨਸਾਫ਼ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਨੇ ਪਿੰਡਾਂ ਦੀਆਂ ਸੱਥਾ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਬਰਬਾਦੀ ਦਾ ਮੂਲ ਕਾਰਨ ਹੀ ਅਫ਼ਸਰਾਂ, ਲੀਡਰਾਂ ਅਤੇ ਵੱਖ-ਵੱਖ ਮਹਿਕਮਿਆਂ ਦੀ ਕਰੱਪਸ਼ਨ ਹੈ। ਜੇ ਪੰਜਾਬ ਇਮਾਨਦਾਰ ਲੋਕਾਂ ਨੂੰ ਮੂਹਰੇ ਲਿਆਵੇ, ਮੁੱਖ ਮੰਤਰੀ ਤੋਂ ਲੈ ਕੇ ਸਾਰੇ ਵਿਧਾਇਕ ਇਮਾਨਦਾਰ ਚੁਣੇ ਤਾਂ ਹੀ ਪੰਜਾਬ ਦੀ ਇਸ ਬਰਬਾਦੀ ਦਾ ਹੱਲ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਹ ਇਹੋ ਜੀ ਘਟੀਆ ਅਤੇ ਕਰੱਪਟ ਸੋਚ ਰੱਖਣ ਵਾਲੇ ਲੀਡਰਾਂ ਅਤੇ ਅਫਸਰਾਂ ਨੂੰ ਪੰਜਾਬ ਚੋਂ ਬਾਹਰ ਕੱਢਣ ਲਈ ਵਾਹ ਲਾ ਦੇਣਗੇ। ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਕੱਲ ਬਰਗਾੜੀ ਦਾ ਮੋਰਚਾ ਬਿਣਾ ਕਿਸੇ ਫੈਸਲੇ ਤੋਂ ਖਤਮ ਕਰ ਦਿੱਤਾ ਗਿਆ, ਜੋ ਕਿ ਛੇ ਮਹੀਨੇ ਤੋਂ ਬੈਠੇ ਲੋਕਾਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ 16 ਦਸੰਬਰ ਵਾਲੀ ਕਾਨਫਰੰਸ ਵਿੱਚ ਹਰ ਪੰਜਾਬ ਦੇ ਵਾਸੀ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਕਿ ਇਸ ਦਿਨ ਕਈ ਵੱਡੇ ਫੈਸਲੇ ਲਏ ਜਾਣਗੇ। ਰਾਏਕੋਟ ਦੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਇਸ ਇਨਸਾਫ ਮਾਰਚ ਦਾ ਮੁੱਖ ਮੰਤਵ ਪੰਜਾਬ ਵਿੱਚ ਬਦਲਾਅ ਲਿਆਉਣਾ ਹੈ।

ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਇਸ ਲਈ ਤੁਰੇ ਹਾਂ ਕਿਉਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਲੀਡਰ ਦਾ ਫਰਜ ਕਿਵੇਂ ਨਿਭਾਇਆ ਜਾਂਦਾ ਤੇ ਕਿਵੇਂ ਨਿਰਧੜਕ ਹੋ ਕੇ ਸੱਤਾ ਧਿਰ ਦੇ ਗ਼ਲਤ ਫੈਸਲਿਆ ਖਿਲਾਫ ਬੋਲਣਾ ਹੈ। ਮਾਨਸਾ ਦੇ ਲੋਕਲ ਵਿਧਾਇਕ ਸ੍ਰ ਨਾਜਰ ਸਿੰਘ ਮਾਨਸ਼ਾਹੀਆ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਲੋਂ ਇਨਸਾਫ ਮਾਰਚ ਨੂੰ ਸਪੋਰਟ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਬਦਲ ਲਈ ਇਹ ਇਨਸਾਫ ਮਾਰਚ ਆਪਣੀ ਵਾਹ ਲਾ ਦਵੇਗਾ।