ਦੂਜੇ ਸੀਰੋ ਸਰਵੇ ਦੌਰਾਨ ਪੰਜਾਬ 'ਚ 24.19 ਫੀਸਦ ਵਸੋਂ ਪਾਜ਼ੇਟਿਵ ਪਾਈ ਗਈ, 96 ਫੀਸਦੀ ਲੱਛਣ ਰਹਿਤ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰੀ ਇਲਾਕੇ ਅਤੇ ਔਰਤਾਂ ਕਰੋਨਾ ਤੋਂ ਵੱਧ ਪ੍ਰਭਾਵਿਤ ਪਾਏ ਗਏ

2nd Sero survey finds 24.19% covid-19 positivity in Punjab

ਚੰਡੀਗੜ੍ਹ - ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਕਰਵਾਏ ਗਏ ਦੂਜੇ ਸੀਰੋ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 24.19 ਫੀਸਦੀ ਵਸੋਂ ਕਰੋਨਾ ਪਾਜ਼ੇਟਿਵ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਚੋਣਵੇਂ ਜ਼ਿਲ੍ਹਿਆਂ ਅਤੇ ਆਬਾਦੀ ਦੇ ਕੀਤੇ ਗਏ ਸਰਵੇ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਕੁੱਲ 4678 ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ।

ਇਨ੍ਹਾਂ ਵਿੱਚੋਂ 1201 ਵਿਅਕਤੀ ਆਈ.ਜੀ.ਜੀ. ਰਿਐਕਟਿਵ (ਐਂਟੀਬੌਡੀ) ਪਾਏ ਗਏ ਜਿਨ੍ਹਾਂ ਵਿੱਚੋਂ ਸਿਰਫ 4.03 ਫੀਸਦੀ ਵਿੱਚ ਲੱਛਣ ਪਾਏ ਗਏ ਜਦਕਿ 95.9 ਫੀਸਦੀ ਲੱਛਣਾਂ ਤੋਂ ਰਹਿਤ ਮਿਲੇ। ਸ਼ਹਿਰੀ ਇਲਾਕਿਆਂ ਵਿੱਚ 30.5 ਫੀਸਦੀ ਪਾਜ਼ੇਟਿਵ ਦਰ ਜਦਕਿ ਪੇਂਡੂ ਇਲਾਕਿਆਂ ਵਿੱਚ 21.0 ਫੀਸਦੀ ਪਾਜ਼ੇਟਿਵ ਦਰ ਪਾਈ ਗਈ। ਲੁਧਿਆਣਾ ਵਿੱਚ ਇਸ ਦੀ ਸਭ ਤੋਂ ਵੱਧ ਮਾਰ ਪਈ ਜਿਸ ਦੀ ਕੁੱਲ ਪਾਜ਼ੇਟਿਵ ਦਰ 54.6 ਫੀਸਦੀ ਪਾਈ ਗਈ

ਜਦਕਿ ਸ਼ਹਿਰੀ ਖੇਤਰਾਂ ਵਿੱਚ ਇਹ ਦਰ 71.7 ਫੀਸਦੀ ਪਾਈ ਗਈ। ਇਸ ਤੋਂ ਬਾਅਦ ਫਿਰੋਜ਼ਪੁਰ, ਜਲੰਧਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵੱਧ ਪ੍ਰਭਾਵਿਤ ਹੋਏ। ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਔਰਤਾਂ 'ਚ ਪਾਜ਼ੇਟਿਵ ਦਰ ਵੱਧ ਪਾਈ ਗਈ। ਹਰੇਕ ਜ਼ਿਲ੍ਹੇ ਨੂੰ 400 ਨਮੂਨੇ ਇਕੱਠੇ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜਿਨ੍ਹਾਂ ਵਿੱਚੋਂ 200 ਨਮੂਨੇ ਪੇਂਡੂ ਇਲਾਕਿਆਂ ਵਿੱਚੋਂ ਜਦਕਿ 200 ਸ਼ਹਿਰੀ ਇਲਾਕਿਆਂ ਵਿੱਚੋਂ ਲਏ ਗਏ ਸਨ।