'ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਮੌਤ ਦੇ ਵਰੰਟ'
ਜੋਧਾਂ, 10 ਦਸੰਬਰ (ਦਲਜੀਤ ਸਿੰਘ ਰੰਧਾਵਾ/ਰਾਜੀ ਦੋਲੋ) : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਇਨਕਲਾਬੀ ਕਿਸਾਨਾਂ-ਮਜ਼ਦੂਰਾਂ ਦੇ ਹੱਕ 'ਚ ਸਮੂਹ ਨਗਰ ਤੇ ਇਲਾਕੇ ਦੇ ਲੋਕਾਂ ਨੇ ਬੀਤੀ ਰਾਤ ਜਾਗੋ ਕੱਢੀ ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਭਾਗ ਲਿਆ ਉਥੇ ਇਸ ਜਾਗੋ ਨੂੰ ਨੌਜਵਾਨਾਂ ਤੇ ਆਮ ਲੋਕਾਂ ਨੇ ਪੂਰਾ ਸਹਿਯੋਗ ਦਿਤਾ। ਜਨਵਾਦੀ ਇਸਤਰੀ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਸਰਗਰਮ ਆਗੂ ਪਰਮਜੀਤ ਕੌਰ ਪਰਮ ਜੋਧਾਂ ਤੇ ਯੁਨਿਟ ਜੋਧਾਂ ਦੀ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਦਸਿਆ ਕਿ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਂਝੇ ਤੌਰ 'ਤੇ ਕੱਢੀ ਗਈ ਇਸ ਜਾਗੋ ਦੌਰਾਨ ਔਰਤਾਂ ਨੇ ਹਿਟਲਰ ਦੀ ਚਾਲ ਚੱਲਣ ਵਾਲੀ ਮੋਦੀ ਸਰਕਾਰ ਨੂੰ ਬੋਲੀਆਂ ਰਾਹੀਂ ਲਾਹਣਤਾਂ ਪਾਈਆਂ ਤੇ ਕੀਰਨੇ ਪਾਏ। ਉਨ੍ਹਾਂ ਦਸਿਆ ਕਿ ਲਾਗਲੇ ਪਿੰਡ ਰਤਨ ਤੋਂ ਔਰਤਾਂ ਦਾ ਵੱਡਾ ਕਾਫ਼ਲਾ ਜਨਵਾਦੀ ਇਸਤਰੀ ਸਭਾ ਦੀ ਆਗੂ ਡਾ. ਕਮਲ ਦੀ ਅਗਵਾਈ ਉਚੇਚੇ ਤੌਰ 'ਤੇ ਸ਼ਾਮਲ ਹੋਇਆ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਸਖ਼ਤ ਵਿਰੋਧ ਕਰਦਿਆਂ ਪਰਮਜੀਤ ਕੌਰ ਪਰਮ ਗਰੇਵਾਲ ਨੇ ਜਿਥੇ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਖੇਤੀ ਕਾਨੂੰਨਾਂ ਨੂੰ ਤੁਰਤ ਰੱਦ ਕਰਨ ਦੀ ਮੰਗ ਕੀਤੀ ਉਥੇ ਇਨ੍ਹਾਂ ਕਾਨੂੰਨਾਂ ਨੂੰ ਬਹੁਤ ਹੀ ਖ਼ਤਰਨਾਕ ਤੇ ਦੇਸ਼ ਦੇ ਲੋਕਾਂ ਲਈ ਮੌਤ ਦੇ ਵਰੰਟ ਕਰਾਰ ਦਿਤਾ।
ਫੋਟੋ ਕੈਪਸਨ : ਪਿੰਡ ਜੋਧਾਂ ਵਿਖੇ ਕਾਲੇ ਕਾਨੂੰਨਾਂ ਖਿਲਾਫ਼ ਜਾਗੋ ਕੱਢੀਆਂ ਔਰਤਾਂ । ਫੋਟੋ ਰੰਧਾਵਾ 01