ਕੇਂਦਰ ਵਲੋਂ ਕਿਸਾਨ ਅੰਦੋਲਨ ਨੂੰ ਫ਼ਿਰਕੂ ਤੇ ਦੇਸ਼ ਵਿਰੋਧੀ ਰੰਗ ਦੇਣ ਦੇ ਯਤਨ : ਸੁਖਬੀਰ ਸਿੰਘ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਵਲੋਂ ਕਿਸਾਨ ਅੰਦੋਲਨ ਨੂੰ ਫ਼ਿਰਕੂ ਤੇ ਦੇਸ਼ ਵਿਰੋਧੀ ਰੰਗ ਦੇਣ ਦੇ ਯਤਨ : ਸੁਖਬੀਰ ਸਿੰਘ ਬਾਦਲ

image

ਕਿਹਾ, ਕੇਂਦਰ ਦੀ ਟਕਰਾਉ ਵਾਲੀ ਨੀਤੀ ਕਾਰਨ ਪੰਜਾਬ 'ਚ ਅਮਨ ਸ਼ਾਂਤੀ ਨੂੰ ਖ਼ਤਰਾ

ਚੰਡੀਗੜ੍ਹ, 10 ਦਸੰਬਰ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਫਿਰਕੂ ਤੇ ਦੇਸ਼ ਵਿਰੋਧੀ ਰੰਗ ਦੇਣ ਦਾ ਯਤਨ ਕਰ ਰਹੀ ਹੈ। ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਹੁਤ ਖ਼ਤਰਨਾਕ ਗੱਲ ਹੈ। ਕਾਂਗਰਸ ਦੀ ਨੀਤੀ 'ਤੇ ਹੀ ਇਸ ਸਮੇਂ ਕੇਂਦਰ ਦੀ ਸਰਕਾਰ ਚੱਲ ਰਹੀ ਹੈ, ਜਿਸ ਨੀਤੀ ਕਾਰਨ ਪੰਜਾਬ ਨੂੰ ਲੰਮਾ ਸੰਤਾਪ ਭੋਗਣਾ ਪਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨੀਤੀ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖ਼ਤਰਾ ਪੈਦਾ ਹਣ ਨਾਲ ਸੂਬੇ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਮੰਤਰੀਆਂ ਦੀ ਪ੍ਰੈੱਸ ਕਾਨਫ਼ਰੰਸ ਤੋਂ ਵੀ ਸਪੱਸ਼ਟ ਹੋਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਪੰਜਾਬ ਨਾਲ ਲੜਾਈ ਲੜਨ ਦੀ ਤਿਆਰੀ ਵਿਚ ਹੈ, ਜੋ ਦੇਸ਼ ਦੀ ਅਮਨ ਸ਼ਾਂਤੀ ਲਈ ਵੀ ਚੰਗਾ ਨਹੀਂ।
 ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਹਨ ਅਤੇ ਇਹ ਤਾਂ ਹੁਣ ਭਾਰਤ ਬੰਦ ਤੋਂ ਬਾਅਦ ਦੇਸ਼ ਵਿਆਪੀ ਬਣ ਚੁਕਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਕਾਲੇ ਖੇਤੀ ਕਾਨੂੰਨ ਰੱਦ ਕਰ ਦਿਤੇ ਜਾਣ ਤੇ ਟਕਰਾਉ ਦਾ ਰਾਹ ਛਡਿਆ ਜਾਵੇ। ਸੁਖਬੀਰ ਨੇ ਕਿਹਾ ਕਿ ਕਿਸਾਨਾਂ ਲਈ ਕਾਨੂੰਨ ਕੇਂਦਰ ਨੇ ਬਣਾਏ ਪਰ ਜੇ ਕਿਸਾਨ ਹੀ ਇਸ ਨੂੰ ਸਵੀਕਾਰ ਨਹੀਂ ਕਰ ਰਹੇ ਤਾਂ ਜ਼ਬਰਦਸਤੀ ਉਨ੍ਹਾਂ ਉਤੇ ਇਹ ਥੋਪਣੇ ਨਹੀਂ ਚਾਹੀਦੇ। ਕੋਰ ਕਮੇਟੀ ਦੀ ਮੀਟਿੰਗ ਵਿਚ ਇਸ ਬਾਰੇ ਮਤਾ ਵੀ ਪਾਸ ਕੀਤਾ ਗਿਆ ਅਤੇ ਕਿਸਾਨਾਂ ਦੇ ਅੰਦੋਲਨ ਦਾ ਪੂਰਾ ਸਮਰਥਨ ਕਰਦੇ ਹੋਏ ਪਾਰਟੀ ਦੇ ਸਥਾਪਨਾ ਦਿਵਸ ਪ੍ਰੋਗਰਾਮ ਵੀ ਕਿਸਾਨਾਂ ਦੀ ਲਹਿਰ ਨੂੰ ਸਮਰਪਤ ਕਰਨ ਦਾ ਐਲਾਨ ਕੀਤਾ ਗਿਆ।
 ਅੱਜ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਐਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਡਾ. ਉਪਿੰਦਰਜੀਤ ਕੌਰ, ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਹੀਰਾ ਸਿੰਘ ਗਾਬੜੀਆ ਆਦਿ ਪ੍ਰਮੁਖ ਨੇਤਾ ਸ਼ਾਲਮ ਸਨ।