ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ 'ਇਨ-ਲਾਈਨ ਬੈਗੇਜ ਸਕ੍ਰੀਨਿੰਗ' ਸਿਸਟਮ ਦਾ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ 'ਇਨ-ਲਾਈਨ ਬੈਗੇਜ ਸਕ੍ਰੀਨਿੰਗ' ਸਿਸਟਮ ਦਾ ਕੀਤਾ ਉਦਘਾਟਨ

image

ਚੰਡੀਗੜ੍ਹ/ਐਸ.ਏ.ਐਸ.ਨਗਰ, 10 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਯਾਤਰੀਆਂ ਦੀ ਸਹੂਲਤ ਲਈ ਬੈਗੇਜ਼ ਹੈਂਡਲਿੰਗ ਪ੍ਰਣਾਲੀ ਦੇ ਖੇਤਰ ਵਿਚ ਤਕਨੀਕੀ ਵਿਕਾਸ ਕਰਦਿਆਂ ਇਨ-ਲਾਈਨ ਬੈਗੇਜ਼ ਸਕ੍ਰੀਨਿੰਗ ਪ੍ਰਣਾਲੀ ਦੀ ਸਥਾਪਨਾ ਨਾਲ ਅਪਗ੍ਰੇਡ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਨਵੇਂ ਸਥਾਪਤ ਕੀਤੇ ਇਨ-ਲਾਈਨ ਬੈਗੇਜ਼ ਸਕ੍ਰੀਨਿੰਗ ਸਿਸਟਮ ਦੇ ਉਦਘਾਟਨ ਉਪਰੰਤ ਪੰਜਾਬ ਦੇ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਦਿਤੀ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਦਸਿਆ ਗਿਆ ਕਿ ਇਨ-ਲਾਈਨ ਸਿਸਟਮ ਨਾਲ ਸਕ੍ਰੀਨਿੰਗ ਸਮੇਂ ਯਾਤਰੀਆਂ ਦੇ ਸਮਾਨ ਦੀ ਸਕ੍ਰੀਨਿੰਗ ਲਈ ਅੱਧਾ ਸਮਾਂ ਲੱਗੇਗਾ। ਇਸ ਦੀ ਸਕ੍ਰੀਨਿੰਗ ਸਮਰਥਾ 1500 ਬੈਗ ਪ੍ਰਤੀ ਘੰਟਾ ਹੈ। ਇਸ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ, ਯਾਤਰੀਆਂ ਨੂੰ ਸਾਮਾਨ ਦੀ ਜਾਂਚ ਲਈ ਨਿੱਜੀ ਤੌਰ 'ਤੇ ਕਤਾਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਪ੍ਰਣਾਲੀ ਨਾਲ ਚੈੱਕ-ਇਨ ਕਰਨ ਵਿਚ ਮੁਸ਼ਕਲ ਨਹੀਂ ਆਵੇਗੀ ਅਤੇ ਪ੍ਰਤੀ ਯਾਤਰੀ ਔਸਤਨ 5 ਤੋਂ 10 ਮਿੰਟ ਦੀ ਬਚਤ ਹੋਣ ਦੀ ਉਮੀਦ ਹੈ। ਇਹ ਪ੍ਰਾਜੈਕਟ 15.8 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ ਅਤੇ ਬੈਗੇਜ ਪ੍ਰੋਸੈਸਿੰਗ ਅਤੇ ਸਕ੍ਰੀਨਿੰਗ ਪ੍ਰਣਾਲੀ ਮੁਹਈਆ ਕਰਵਾਉਣ ਲਈ ਮੌਜੂਦਾ ਬੈਗੇਜ਼ ਹੈਂਡਲਿੰਗ ਪ੍ਰਣਾਲੀ ਨਾਲ ਜੋੜਿਆ ਗਿਆ ਹੈ।
ਇਸ ਉਪਰੰਤ ਸ਼੍ਰੀਮਤੀ ਵਿਨੀ ਮਹਾਜਨ ਨੇ ਹਵਾਈ ਅੱਡੇ ਦੀਆਂ ਨਵੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਕਾਨਫ਼ਰੰਸ ਹਾਲ ਵਿਚ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਚੰਡੀਗੜ੍ਹ ਏਅਰਪੋਰਟ ਦੇ ਹੋਰ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਲੰਮੀ ਚਰਚਾ ਕੀਤੀ। ਮੁੱਖ ਸਕੱਤਰ ਨੇ ਏਅਰ ਲਾਈਨਜ਼ ਲਈ ਚੰਡੀਗੜ੍ਹ ਹਵਾਈ ਅੱਡੇ ਤੋਂ ਨਵੇਂ ਰੂਟ/ ਨਾ ਵਰਤੇ ਜਾ ਰਹੇ ਰੂਟਾਂ ਨੂੰ ਜੋੜਨ ਲਈ ਸ਼ੁਰੂ ਕੀਤੀ ਪ੍ਰੋਤਸਾਹਨ ਯੋਜਨਾ ਦਾ ਜਾਇਜ਼ਾ ਵੀ ਲਿਆ।