ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕਿਸਾਨਾਂ ਨੂੰ ਕੀਤੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕਿਸਾਨਾਂ ਨੂੰ ਕੀਤੀ ਅਪੀਲ

image

ਖੇਤੀ ਮੰਤਰੀ ਤੋਮਰ ਨੇ ਫਿਰ ਗੱਲਬਾਤ ਚਾਲੂ ਰੱਖਣ ਤੇ ਅੰਦੋਲਨ ਬੰਦ ਕਰਨ ਦੀ ਅਪੀਲ



ਨਵੀਂ ਦਿੱਲੀ, 10 ਦਸੰਬਰ: ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਪਰ 'ਕਾਲੇ ਕਾਨੂੰਨਾਂ' ਦੀ ਤਾਰੀਫ਼ ਕਰਨ ਤੋਂ ਬੱਚ ਕੇ, ਜ਼ੋਰ ਇਹ ਕਹਿਣ ਤੇ ਦਿਤਾ ਕਿ ਕਿਸਾਨਾਂ ਨੂੰ ਗੱਲਬਾਤ ਜਾਰੀ ਰਖਣੀ ਚਾਹੀਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਲਿਖਿਆ ਹੈ ਕਿ 'ਜਬ ਲਗ ਜਗ ਮੈ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ।' ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਮਹਾਂਵਾਕ ਅਨੁਸਾਰ ਗੱਲਬਾਤ ਕਦੇ ਬੰਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਮਤਭੇਦ ਰਹਿਣ ਤਾਂ ਵੀ ਸਬੰਧ ਟੁੱਟਣ ਦੀ ਨੌਬਤ ਨਹੀਂ ਆਉਣ ਦਿਤੀ ਜਾਣੀ ਚਾਹੀਦੀ। ਤੋਮਰ ਨੇ ਵੀ ਗੱਲਬਾਤ ਜਾਰੀ ਰੱਖਣ ਤੇ ਅੰਦੋਲਨ ਦੇ ਨਵੇਂ ਪ੍ਰੋਗਰਾਮਾਂ ਨੂੰ ਤੋਰ ਦੇਣ ਦੀ ਅਪੀਲ ਦੇ ਨਾਲ ਨਾਲ ਤਿੰਨ ਕਾਨੂੰਨਾਂ ਬਾਰੇ ਸਰਕਾਰ ਪ੍ਰਸਤਾਵਾਂ ਦੀ ਰੱਜ ਕੇ ਵਕਾਲਤ ਕੀਤੀ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਸਰਕਾਰ ਵਲੋਂ ਦਿਤੀਆਂ ਤਜਵੀਜ਼ਾਂ 'ਤੇ ਇਕ ਵਾਰ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਹੋਰ ਵਿਚਾਰ-ਵਟਾਂਦਰੇ ਲਈ ਤਿਆਰ ਹੈ।
ਕਿਸਾਨਾਂ ਨੇ ਇਕ ਦਿਨ ਪਹਿਲਾਂ ਹੀ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ ਸੀ। ਸਰਕਾਰ ਨੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੀਆਂ ਕੁਝ ਧਾਰਾਵਾਂ ਵਿਚ ਸੋਧ ਕਰਨ ਬਾਰੇ ਲਿਖਤੀ ਭਰੋਸਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਤੋਮਰ ਨੇ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਜਿਥੇ ਵੀ ਕਿਸਾਨਾਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ 'ਤੇ ਕੋਈ ਇਤਰਾਜ਼ ਹੈ, ਅਸੀਂ ਇਸ ਨੂੰ ਖੁੱਲ੍ਹੇ ਮਨ ਨਾਲ ਵਿਚਾਰਨ ਲਈ ਤਿਆਰ ਹਾਂ। ਅਸੀਂ ਕਿਸਾਨਾਂ ਦੇ ਸਾਰੇ ਖ਼ਦਸ਼ਿਆਂ ਨੂੰ ਦੂਰ ਕਰਨਾ ਚਾਹੁੰਦੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਨੇਤਾਨਾਂ ਤੋਂ ਸੁਝਾਅ ਮਿਲਣ ਦੀ ਉਡੀਕ ਕਰਦੇ ਰਹੇ ਤਾਕਿ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾ ਸਕੇ ਪਰ ਉਹ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਅੜੇ ਹਨ।

ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਹ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਤੋਮਰ ਨੇ ਕਿਹਾ ਕਿ ਸਰਕਾਰ ਹਰ ਸਮੇਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ
ਅਤੇ ਅੱਗੇ ਵੀ ਤਿਆਰ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਕੋਵਿਡ -19 ਮਹਾਂਮਾਰੀ ਦੌਰਾਨ ਠੰਢੇ ਮੌਸਮ ਵਿਚ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਲਈ ਚਿੰਤਤ ਹਾਂ।
ਕਿਸਾਨ ਜਥੇਬੰਦੀਆਂ ਨੂੰ ਛੇਤੀ ਤੋਂ ਛੇਤੀ ਸਰਕਾਰ ਦੀਆਂ ਤਜਵੀਜ਼ਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ, ਜੇ ਲੋੜ ਪਈ ਤਾਂ ਅਸੀਂ ਸਾਂਝੇ ਤੌਰ 'ਤੇ ਅਗਲੀ ਬੈਠਕ ਦਾ ਫ਼ੈਸਲਾ ਕਰਾਂਗੇ।
ਸਰਕਾਰ ਨੇ ਬੁਧਵਾਰ ਨੂੰ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਸਿਸਟਮ ਨੂੰ ਜਾਰੀ ਰੱਖਣ ਬਾਰੇ ਲਿਖਤੀ ਭਰੋਸਾ ਦੇਣ ਲਈ ਪ੍ਰਸਤਾਵ ਭੇਜਿਆ ਸੀ। ਸਰਕਾਰ ਨੇ ਕਿਹਾ ਕਿ ਐਮਐਸਪੀ ਸਿਸਟਮ ਜਾਰੀ ਹੈ ਅਤੇ ਜਾਰੀ ਰਹੇਗਾ।
ਹਾਲਾਂਕਿ, ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਲਈ ਅੰਦੋਲਨ ਨੂੰ ਤੇਜ਼ ਕਰਨਗੇ।
ਜਦੋਂ ਐਮਐਸਪੀ ਬਾਰੇ ਨਵੇਂ ਕਾਨੂੰਨ ਬਾਰੇ ਪੁਛਿਆ ਤਾਂ ਤੋਮਰ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਐਮਐਸਪੀ ਪ੍ਰਣਾਲੀ ਉੱਤੇ ਕੋਈ ਅਸਰ ਨਹੀਂ ਹੋਏਗਾ। ਐਮਐਸਪੀ ਸਿਸਟਮ ਪਹਿਲਾਂ ਵਾਂਗ ਜਾਰੀ ਰਹੇਗਾ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਗੱਲਬਾਤ ਦੀ ਮੇਜ਼ 'ਤੇ ਵਾਪਸ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਕੀਤੀ ਪੇਸ਼ਕਸ਼ 'ਤੇ ਵਿਚਾਰ ਕਰਨਾ ਚਾਹੀਦਾ ਹੈ। ਜੇ ਉਨ੍ਹਾਂ ਵਿਚ ਕੋਈ ਮੁੱਦਾ ਹੈ ਤਾਂ ਸਰਕਾਰ ਉਨ੍ਹਾਂ 'ਤੇ ਵਿਚਾਰ ਕਰਨ ਲਈ ਤਿਆਰ ਹੈ।
ਤੋਮਰ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਗੱਲਬਾਤ ਚੱਲ ਰਹੀ ਹੈ ਅਤੇ ਸਰਕਾਰ ਅਗਲੀ ਗੱਲਬਾਤ ਲਈ ਤਿਆਰ ਹੈ, ਵਿਰੋਧ ਪ੍ਰਦਰਸ਼ਨ ਤੇਜ਼ ਕਰਨਾ ਉਚਿਤ ਨਹੀਂ ਹੈ। ਸਰਕਾਰ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਵਿਚਾਰ-ਵਟਾਂਦਰੇ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਗੱਲਬਾਤ ਨਾਲ ਕੋਈ ਹੱਲ ਨਿਕਲੇਗਾ। (ਪੀਟੀਆਈ)