ਬਾਰਸੀਲੋਨਾ, 10 ਦਸੰਬਰ : ਪੂਰਬੀ ਉੱਤਰੀ ਸਪੇਨ ਦੇ ਬਾਦਾਲੋਨਾ ਵਿਚ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 17 ਲੋਕ ਝੁਲਸ ਗਏ ਜਿਹਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਦਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿਚ ਕੁੱਝ ਲੋਕ ਗ਼ੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਸਨ। ਦਮਕਲ ਵਿਭਾਗ ਨੇ ਬੁਧਵਾਰ ਰਾਤ ਨੂੰ ਦਸਿਆ ਕਿ ਉਹਨਾਂ ਨੇ ਇਮਾਰਤ ਦੀਆਂ ਖਿੜਕੀਆਂ ਤੋਂ ਕਰੀਬ 30 ਲੋਕਾਂ ਨੂੰ ਬਾਹਰ ਕੱਢਿਆ। ਦਮਕਲ ਵਿਭਾਗ ਦੇ ਪ੍ਰਮੁੱਖ ਡੇਵਿਡ ਬੋਰੇਲ ਨੇ ਕਿਹਾ ਕਿ ਦਮਕਲ ਕਰਮੀ ਇਮਾਰਤ ਦੇ ਖਾਲੀ ਹੋਣ ਦੀ ਪੁਸ਼ਟੀ ਕਰ ਪਾਉਂਦੇ, ਉਸ ਤੋਂ ਪਹਿਲਾਂ ਹੀ ਛੱਤ ਡਿੱਗ ਗਈ ਜਿਸ ਕਾਰਨ ਤਲਾਸ਼ ਮੁਹਿੰਮ ਜਾਰੀ ਰਖਣਾ ਮੁਸ਼ਕਲ ਹੋ ਗਿਆ ਕਿਉਂਕਿ ਅੱਗ ਉਦੋਂ ਤਕ ਬੁਝਾਈ ਨਹੀਂ ਜਾ ਸਕੀ ਸੀ। ਅਧਿਕਾਰੀਆਂ ਨੇ ਅਨੁਮਾਨ ਜ਼ਾਹਰ ਕੀਤਾ ਕਿ ਅੱਗ ਨੂੰ ਬੁਝਾਉਣ ਵਿਚ ਕਈ ਹੋਰ ਘੰਟੇ ਲੱਗਣਗੇ। ਬਾਦਾਲੋਨਾ ਦੇ ਮੇਅਰ ਜੇਵੀਅਰ ਗਾਰਸੀਆ ਆਲਬੀਓਲ ਨੇ ਦਸਿਆ ਕਿ ਇਮਾਰਤ ਵਿਚ 100 ਤੋਂ ਵੱਧ ਲੋਕ ਗ਼ੈਰ ਕਾਨੂਨੀ ਢੰਗ ਨਾਲ ਰਹਿ ਰਹੇ ਸਨ ਜਿਹਨਾਂ ਵਿਚੋਂ 60 ਦਾ ਪਤਾ ਚੱਲ ਸਕਿਆ ਹੈ। (ਪੀਟੀਆਈ)
image