ਦਿੱਲੀ ਬਾਰਡਰਾਂ ਤੋਂ ਹੋ ਰਹੀ ਕਿਸਾਨਾਂ ਦੀ ਘਰ ਵਾਪਸੀ, ਕਿਸਾਨਾਂ 'ਤੇ ਕੀਤੀ ਜਾਵੇਗੀ ਫੁੱਲਾਂ ਦੀ ਵਰਖਾ

ਏਜੰਸੀ

ਖ਼ਬਰਾਂ, ਪੰਜਾਬ

ਫ਼ਤਹਿ ਮਾਰਚ ਕੱਢਦਿਆਂ ਹੋਇਆਂ ਕਰਨਗੇ ਘਰ ਵਾਪਸੀ

The victory of the farmers

 

ਨਵੀਂ ਦਿੱਲੀ:  ਦਿੱਲੀ ਤੋਂ ਅੱਜ ਕਿਸਾਨਾਂ ਨੇ ਜੇਤੂ ਅੰਦਾਜ਼ ਵਿਚ ਵਾਪਸ ਪੰਜਾਬ ਵਿਚ  ਦਾਖ਼ਲ ਹੋਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ। ਸ਼ੰਭੂ ਤੋਂ ਪੰਜਾਬ ਵਿਚ ਦਾਖ਼ਲ ਹੋਣ ਤੇ, ਦੁਪਹਿਰ ਬਾਅਦ ਦੋ ਤੋਂ ਚਾਰ ਵਜੇ ਤਕ ਜੇਤੂ ਕਿਸਾਨਾਂ ਉਤੇ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।  ਸਰਕਾਰੀ ਤੌਰ ’ਤੇ ਇਸ ਦੀ ਪ੍ਰਵਾਨਗੀ ਦਿਤੇ ਜਾਣ ਦੀ ਖ਼ਬਰ ਪ੍ਰਾਪਤ ਹੋ ਰਹੀ ਹੈ। 

ਕਿਸਾਨਾਂ ਦੇ ਅੰਦੋਲਨ ਸਥਾਨਾਂ ਵਿਚੋਂ ਇਥੇ ਸਿੰਘੂ ਬਾਰਡਰ ’ਤੇ ਸ਼ੁਕਰਵਾਰ ਨੂੰ ਪੌੜੀਆਂ, ਤਰਪਾਲਾਂ, ਡੰਡੇ ਅਤੇ ਰੱਸੀਆਂ ਖਿੰਡੀਆਂ ਪਈਆਂ ਸਨ, ਕਿਉਂਕਿ ਖੇਤੀ ਕਾਨੂੰਨ ਵਿਰੁਧ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਅਪਣੇ ਤੰਬੂ ਉਖਾੜ ਲਏ, ਅਪਣਾ ਸਮਾਨ ਬੰਨ੍ਹ ਕੇ ਟਰੱਕਾਂ ਵਿਚ ਲੱਦਣਾ ਸ਼ੁਰੂ ਕਰ ਦਿਤਾ ਹੈ। ਜੋਸ਼ ਪੈਦਾ ਕਰਨ ਲਈ ਉਹ ਲਗਾਤਾਰ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾ ਰਹੇ ਹਨ।

 

 

 

40 ਕਿਸਾਨ ਜਥੇਬੰਦੀਆਂ ਦੀ ਸੰਸਥਾ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਵੀਰਵਾਰ ਨੂੰ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਉਨ੍ਹਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ। ਸਰਕਾਰ ਵਲੋਂ ਕਾਨੂੰਨ ਵਾਪਸ ਲੈਣ ਤੋਂ ਹਫ਼ਤਿਆਂ ਬਾਅਦ ਕਿਸਾਨ ਸਨਿਚਰਵਾਰ ਦੀ ਸਵੇਰ ਘਰ ਪਰਤਣਗੇ। ਨੌਜਵਾਨਾਂ ਅਤੇ ਬਜ਼ੁਰਗਾਂ ਨੇ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬਣਾਏ ਪੱਕੇ ਅਤੇ ਮਜ਼ਬੂਤ ਅਸਥਾਈ ਢਾਂਚਿਆਂ ਨੂੰ ਤੋੜਨ ਲਈ ਹੱਥ ਮਿਲਾਇਆ। ਪੰਜਾਬ ਦੇ ਫ਼ਰੀਦਕੋਟ ਦੇ ਕਿਸਾਨ ਜੱਸਾ ਸਿੰਘ (69) ਨੇ ਕਿਹਾ,‘‘ਜ਼ਿਆਦਾ ਲੋਕਾਂ ਦਾ ਮਤਲਬ ਹੈ ਕਿ ਇਹ ਜਲਦੀ ਖ਼ਤਮ ਹੋ ਜਾਵੇਗਾ। ਸਾਡੇ ਕੋਲ ਉਨ੍ਹਾਂ ਨੂੰ ਬਣਾਉਣ ਦਾ ਢੁਕਵਾਂ ਸਮਾਂ ਸੀ ਪਰ ਅਸੀਂ ਕੱਲ੍ਹ ਚਲੇ ਜਾਵਾਂਗੇ। ਇਸ ਲਈ ਕਾਹਲੀ ਵਿਚ ਹਾਂ। ਮੈਂ ਅਪਣੇ ਜੀਵਨ ਵਿਚ ਬਹੁਤ ਘਿਉ ਖਾਧਾ ਹੈ। ਮੇਰੇ ਵਿਚ 30 ਸਾਲ ਦੇ ਨੌਜਵਾਨ ਜਿੰਨਾ ਜੋਸ਼ ਹੈ।’’

 

 

ਜਿਵੇਂ ਹੀ ਬੰਦਿਆਂ ਨੇ ਕਪੜੇ ਅਤੇ ਗੱਦੇ ਬੰਨ੍ਹੇ ਅਤੇ ਉਨ੍ਹਾਂ ਨੂੰ ਟਰੱਕਾਂ ਵਿਚ ਲੱਕਿਆ, ਔਰਤਾਂ ਨੇ ਦੁਪਹਿਰ ਦਾ ਲੰਗਰ ਤਿਆਰ ਕੀਤਾ। ਪੰਜਾਬ ਦੇ ਜਲੰਧਰ ਦੀ ਬੀਬੀ ਮਾਈ ਕੌਰ (61) ਨੇ ਕਿਹਾ,‘‘ਗੈਸ ਸਟੋਵ ਅਤੇ ਭਾਂਡੇ ਅਖ਼ੀਰ ਵਿਚ ਪੈਕ ਕੀਤੇ ਜਾਣਗੇ। ਅਸੀਂ ਹਾਲੇ ਰਾਤ ਦਾ ਖਾਣਾ ਅਤੇ ਕੱਲ੍ਹ ਦਾ ਨਾਸ਼ਤਾ ਤਿਆਰ ਕਰਨਾ ਹੈ।’’