ਪੰਜਾਬ ਕਾਂਗਰਸ ਨੂੰ ਝਟਕਾ, ਸਾਬਕਾ ਸੱਕਤਰ ਪ੍ਰਿੰਸ ਖੁੱਲਰ ‘ਪੰਜਾਬ ਲੋਕ ਕਾਂਗਰਸ’ ਵਿਚ ਹੋਏ ਸ਼ਾਮਲ
ਹੋਰ ਕੋਈ ਆਗੂ ਵੀ ਪਾਰਟੀ ਵਿਚ ਹੋਏ ਸ਼ਾਮਲ
ਚੰਡੀਗੜ੍ਹ - ਪੰਜਾਬ ਕਾਂਗਰਸ ਨੂੰ ਲਗਾਤਾਰ ਝਟਕਾ ਲੱਗ ਰਿਹਾ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਕਾਂਗਰਸੀ ਪਾਰਟੀ ਛੱਡ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਵਿਚ ਸ਼ਾਮਲ ਹੋ ਰਿਹਾ ਹੈ ਤੇ ਉਹਨਾਂ ਦੀ ਪਾਰਟੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ 4 ਹੋਰ ਆਗੂਆਂ ਨੇ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜਿਆ ਹੈ।
ਬੀਤੇ ਦਿਨੀਂ ਕਾਂਗਰਸ ਦੇ ਸਾਬਕਾ ਸਕੱਤਰ, ਬੁਲਾਰੇ, ਸੋਸ਼ਲ ਵੈਲਫੇਅਰ ਤੇ ਸਿੱਖਿਆ ਸੈੱਲ ਦੇ ਚੇਅਰਮੈਨ ਅਤੇ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪ੍ਰਿੰਸ ਖੁੱਲਰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਏ ਹਨ ਤੇ ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਤੋਂ ਆਪ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੀ ਕੈਪਟਨ ਨੇ ਅਪਣੀ ਪਾਰਟੀ ਵਿਚ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਦੇ ਸਪੁੱਤਰ ਅਤੇ ਸਾਬਕਾ ਆਪ ਲੀਡਰ ਲਾਡੀ ਘੱਗਾ, ਸੀਨੀਅਰ ਕਾਂਗਰਸੀ ਆਗੂ ਵਿਕਾਸ ਸ਼ਰਮਾ ਅਤੇ ਸੰਦੀਪ ਸਿੰਗਲਾ ਸ਼ਾਮਲ ਹਨ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੂੰ ਆਪਣੀ ਪਾਰਟੀ ਵਿਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਨੇ CM ਦੀ ਕੁਰਸੀ ਤੋਂ ਹਟਣ ਤੋਂ ਬਾਅਦ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਹੈ ਜਿਸ ਦਾ ਆਫਿਸ ਚੰਡੀਗੜ੍ਹ ਦੇ ਸੈਕਟਰ-9 ਡੀ ਵਿਚ ਬਣਾਇਆ ਗਿਆ ਹੈ। ਪ੍ਰਿੰਸ ਖੁੱਲਰ ਕਾਂਗਰਸ ਦੇ ਤੇਜ਼ ਬੁਲਾਰੇ ਰਹੇ ਹਨ। ਉਹ ਕਾਂਗਰਸ ਵਿਚ ਸੋਸ਼ਲ ਵੈਲਫੇਅਰ ਤੇ ਸਿੱਖਿਆ ਸੈੱਲ ਦੇ ਚੇਅਰਮੈਨ ਵੀ ਸਨ। ਇਸ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਬੱਲੀਆਵਾਲ ਨੇ ਵੀ ਸੋਨੀਆ ਗਾਂਧੀ ਨੂੰ ਅਸਤੀਫ਼ਾ ਦੇ ਕੇ ਕੈਪਟਨ ਦੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।