RPG Attack: ਬੰਬ ਨਿਰੋਧਕ ਦਸਤੇ ਨੇ ਹਰੀਕੇ ਪੱਤਣ ਦਰਿਆ ਨੇੜੇ ਡਿਫਿਊਜ਼ ਕੀਤਾ ਬੰਬ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਗਰਨੇਡ ਹਮਲਾ ਹੋਇਆ ਸੀ, ਉਸ ਵੇਲੇ ਥਾਣੇ 'ਚ ਐੱਸਐੱਚਓ ਸਮੇਤ 12 ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।

RPG Attack Case

 

ਤਰਨਤਾਰਨ : ਥਾਣਾ ਸਰਹਾਲੀ 'ਤੇ ਦਾਗੇ ਗਏ ਗ੍ਰਨੇਡ ਨੂੰ ਪੁਲਿਸ ਦੇ ਬੰਬ ਨਿਰੋਧਕ ਦਸਤੇ ਵੱਲੋਂ ਐਤਵਾਰ ਨੂੰ ਕਰੀਬ ਸਵਾ ਤਿੰਨ ਵਜੇ ਹਰੀਕੇ ਦਰਿਆ ਦੇ ਡਾਊਨ ਸਟ੍ਰੀਮ ਖੇਤਰ 'ਚ ਪੈਂਦੇ ਪਿੰਡ ਗੱਟੀ ਹਰੀਕੇ ਵਿਖੇ ਡਿਫਿਊਜ਼ ਦਿੱਤਾ ਗਿਆ ਜਿਸ ਦੇ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਮੌਕੇ ਪੰਜਾਬ ਪੁਲਿਸ ਦੇ ਡੀਐੱਸਪੀ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਹਾਜ਼ਰ ਰਹੇ ਉੱਥੇ ਹੀ ਮੀਡੀਆ ਅਤੇ ਹੋਰ ਲੋਕਾਂ ਨੂੰ ਇਕ ਕਿੱਲੋਮੀਟਰ ਦੀ ਦੂਰੀ 'ਤੇ ਹੀ ਰੋਕ ਦਿੱਤਾ ਗਿਆ।
ਥਾਣਾ ਸਰਹਾਲੀ 'ਤੇ ਹੋਏ ਗ੍ਰੇਨੇਡ ਹਮਲੇ (RPG Attack) ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸਰਹਾਲੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਐੱਨਆਈਏ ਦੇ ਨਾਲ ਸੀਐੱਸਐੱਫਐੱਲ ਦੀ ਟੀਮ ਵੀ ਮੌਜੂਦ ਰਹੀ ਜੋ ਫੋਰੈਂਸਿਕ ਤੱਥ ਇਕੱਤਰ ਕਰ ਰਹੀ ਹੈ। ਥਾਣੇ ਨੂੰ ਫਿਲਹਾਲ ਤਾਲਾ ਲਗਾਇਆ ਹੋਇਆ ਹੈ। ਮਾਮਲਾ ਗੰਭੀਰ ਹੋਣ ਕਰਕੇ ਐੱਨਆਈਏ ਇਸ ਮਾਮਲੇ ਦੀ ਜਾਂਚ ਆਪਣੇ ਅਧਿਕਾਰ ਹੇਠ ਲੈ ਸਕਦੀ ਹੈ। ਉੱਥੇ ਹੀ ਥਾਣਾ ਸਰਹਾਲੀ ਦੇ ਐੱਸਐੱਚਓ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਨਵੇਂ ਐੱਸਐੱਚਓ ਵਜੋਂ ਸੁਖਬੀਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਗਰਨੇਡ ਹਮਲਾ ਹੋਇਆ ਸੀ, ਉਸ ਵੇਲੇ ਥਾਣੇ 'ਚ ਐੱਸਐੱਚਓ ਸਮੇਤ 12 ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।