Fatehgarh Sahib ਵਿਖੇ 25 ਤੋਂ 27 ਦਸੰਬਰ ਤੱਕ ਮਨਾਈ ਜਾਵੇਗੀ ਸ਼ਹੀਦੀ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦੀ ਸਭਾ ਮੌਕੇ ਸਰਕਸਾਂ, ਝੂਲੇ, ਡਾਂਸ ਤੇ ਮਨੋਰੰਜਨ ਦੀਆਂ ਖੇਡਾਂ `ਤੇ ਹੋਵੇਗੀ ਪਾਬੰਦੀ

Martyrdom gathering to be celebrated at Fatehgarh Sahib from December 25 to 27

ਫਤਹਿਗੜ੍ਹ ਸਾਹਿਬ : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਪੁੱਜਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਅਤੇ ਸ਼ਹੀਦੀ ਸਭਾ ਦੀ  ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹੀਦੀ ਸਭਾ ਦੇ ਏਰੀਏ ਵਿੱਚ ਹਰੇਕ ਕਿਸਮ ਦੀਆਂ ਸਰਕਸਾਂ, ਝੂਲੇ, ਡਾਂਸ ਅਤੇ ਧਾਰਮਿਕ ਮਹੌਲ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀਆਂ ਹੋਰ ਕਿਸੇ ਵੀ ਤਰਾਂ ਦੀਆਂ ਮਨੋਰੰਜਨ ਦੀਆਂ ਖੇਡਾਂ ਦਿਖਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 15 ਦਸੰਬਰ ਤੋਂ 31 ਦਸੰਬਰ, 2025 ਤੱਕ ਲਾਗੂ ਰਹਿਣਗੇ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸ਼ਹੀਦੀ ਸਭਾ ਦੇ ਏਰੀਏ ਵਿੱਚ ਸਰਕਸਾਂ/ਝੂਲੇ/ਜਿੰਦਾ ਡਾਂਸ ਅਤੇ ਕਈ ਤਰ੍ਹਾਂ ਦੇ ਮਨੋਰੰਜਨ ਦੇ ਖੇਡ ਆਦਿ ਕੀਤੇ ਜਾਂਦੇ ਹਨ। ਸ਼ਹੀਦੀ ਸਭਾ ਦੌਰਾਨ ਅਜਿਹੇ ਮਨੋਰੰਜਨ ਪ੍ਰੋਗਰਾਮ/ਖੇਡਾਂ ਸ਼ੋਭਾ ਨਹੀਂ ਦਿੰਦੀਆਂ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਇਨ੍ਹਾਂ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਨੂੰ  ਉਚਿਤ ਨਹੀਂ ਮੰਨਦੇ। ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਸ਼ਹੀਦੀ ਸਭਾ ਦੇ ਏਰੀਏ ਵਿੱਚ ਹਰੇਕ ਕਿਸਮ ਦੀਆਂ ਸਰਕਸਾਂ/ਝੂਲੇ/ਜਿੰਦਾ ਡਾਂਸ ਅਤੇ ਕਿਸੇ ਤਰ੍ਹਾਂ ਦੇ ਮਨੋਰੰਜਨ ਦੇ ਖੇਡ ਆਦਿ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ।