ਬੇਅਦਬੀ ਕਾਂਡ ਦੇ ਦੋਸ਼ੀ ਬਾਦਲਾਂ ਅਤੇ ਕੈਪਟਨ ਦੇ ਇਸ਼ਾਰੇ 'ਤੇ ਨੱਚਣ ਲੱਗੇ ਖਹਿਰਾ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ.......

Kultar Singh Sandhwan

ਚੰਡੀਗੜ੍ਹ (ਨੀਲ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਲਈ ਗਠਿਤ ਜ਼ੋਰਾ ਸਿੰਘ ਕਮਿਸ਼ਨ ਉਤੇ ਸਵਾਲ ਖੜੇ ਕਰ ਰਹੇ ਸੁਖਪਾਲ ਖਹਿਰਾ ਉਤੇ ਇਲਜ਼ਾਮ ਲਾਏ ਨੇ ਕਿ ਉਹ ਬੇਅਦਬੀਆਂ ਅਤੇ ਗੋਲੀਕਾਂਡ ਦੇ ਦੋਸ਼ੀਆਂ ਬਾਦਲ ਪਿਓ-ਪੁੱਤਰ ਅਤੇ ਉਹਨਾਂ ਨੂੰ ਬਚਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ ਉਤੇ ਨੱਚਣ ਲੱਗੇ ਹਨ। ਜਿਸ ਕੌੜੇ ਸੱਚ ਦਾ ਜਵਾਬ ਬਾਦਲਾਂ ਅਤੇ ਕੈਪਟਨ ਕੋਲ ਨਹੀਂ ਹੈ,

ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਭਾੜੇ ਦੇ ਬੁਲਾਰੇ (ਪ੍ਰੋਕਸੀ ਸਪੋਕਸਪਰਸਨ) ਦੀ ਜ਼ਿੰਮੇਵਾਰੀ ਨਿਭਾਉਣ ਲੱਗੇ ਹਨ।  ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹਿੰਮਤ ਹੈ ਤਾਂ ਉਹ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਅਧਿਕਾਰਤ ਤੌਰ ਉਤੇ ਜਨਤਕ ਕਰਨ ਅਤੇ ਜਸਟਿਸ ਜ਼ੋਰਾ ਸਿੰਘ ਦੀ ਇਸ ਗੱਲ ਨੂੰ ਝੂਠਾ ਸਾਬਤ ਕਰਨ ਕਿ ਬਾਦਲ ਸਰਕਾਰ ਨੇ ਅਪਣੇ ਸਮੁੱਚੇ ਪੁਲਿਸ ਤੇ ਪ੍ਰਸ਼ਾਸਨਕ ਤੰਤਰ ਨੂੰ ਅਸਲੀ ਦੋਸ਼ੀ ਫੜਨ ਦੀ ਥਾਂ ਜਾਂਚ ਨੂੰ ਭਟਕਾਉਣ

ਅਤੇ ਦੋਸ਼ੀਆਂ ਸਮੇਤ ਇਸ ਪਾਪ ਦੇ ਸਾਜ਼ਸ਼ਕਾਰਾਂ ਨੂੰ ਬਚਾਉਣ ਉਤੇ ਝੋਂਕ ਦਿਤਾ ਸੀ। ਜਸਟਿਸ ਜ਼ੋਰਾ ਸਿੰਘ ਨੂੰ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਬਣਦਾ ਸਹਿਯੋਗ ਨਹੀਂ ਦਿਤਾ ਅਤੇ ਆਨ-ਰੀਕਾਰਡ ਗ਼ਲਤ ਜਾਣਕਾਰੀਆਂ ਦਿਤੀਆਂ। ਜੋ ਅੱਜ ਵੀ ਜਾਂਚ ਦਾ ਵਿਸ਼ਾ ਹਨ। ਕੁਲਤਾਰ ਸਿੰਘ ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਹ ਕੇਵਲ ਆਮ ਆਦਮੀ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਬਾਦਲਾਂ ਅਤੇ ਕੈਪਟਨ ਦੇ ਪਾਪਾਂ ਦੇ ਭਾਗੀਦਾਰ ਬਣਨ ਤੋਂ ਗੁਰੇਜ਼ ਕਰਨ

ਕਿਉਂਕਿ ਬਾਦਲ ਪਹਿਲਾਂ ਹੀ ਬੇਨਕਾਬ ਹਨ ਅਤੇ ਕੈਪਟਨ ਅੱਜ 667 ਦਿਨਾਂ ਬਾਅਦ ਵੀ ਮੂਕ ਦਰਸ਼ਕ ਬਣੇ ਹੋਏ ਹਨ। ਬਾਦਲ ਅਤੇ ਕੈਪਟਨ ਅਪਣੀ ਬੇਚੈਨੀ ਨੂੰ ਸੁਖਪਾਲ ਸਿੰਘ ਖਹਿਰਾ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਧਵਾਂ ਨੇ ਗ੍ਰੰਥੀ ਸਿੰਘ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਾਸੀਆਂ ਵਲੋਂ ਪੁਲਿਸ ਉਤੇ ਥਰਡ ਡਿਗਰੀ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਇਹੋ ਤਾਂ ਦੱਸ ਰਹੇ ਹਨ

ਕਿ ਪੁਲਿਸ ਅਧਿਕਾਰੀ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਜੋ ਦੱਸਦੇ ਸਨ, ਉਹਨਾਂ ਨੇ ਉਹੀ ਕੁੱਝ ਅਪਣੀ ਰੀਪੋਰਟ ਵਿਚ ਸ਼ਾਮਲ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਸ਼ ਬੇ-ਦੋਸ਼ਾਂ ਉਤੇ ਹੀ ਮੜਨ ਦੀ ਕੋਸ਼ਿਸ਼ ਜੋ ਪਿਛਲੀ ਸਰਕਾਰ ਸਮੇਂ ਕੀਤੀ ਗਈ ਇਹ ਕਿਸੇ ਵੱਡੀ ਸਾਜ਼ਸ਼ ਵੱਲ ਇਸ਼ਾਰਾ ਕਰਦੀ ਹੈ।