ਨਸ਼ਿਆਂ ਨੂੰ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ, ਸਫ਼ਲ ਵੀ ਹੋਏ ਹਾਂ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲਿਆਂ ਦੇ ਨਵੇਂ ਚੁਣੇ ਪੰਚਾਂ, ਸਰਪੰਚਾਂ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸਮੰਤੀ ਮੈਂਬਰਾਂ......

Captain Amarinder Singh During Function

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲਿਆਂ ਦੇ ਨਵੇਂ ਚੁਣੇ ਪੰਚਾਂ, ਸਰਪੰਚਾਂ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸਮੰਤੀ ਮੈਂਬਰਾਂ ਨੂੰ ਅਹੁਦੇ ਅਤੇ ਨਸ਼ਾ ਰੋਕੂ ਅਫ਼ਸਰ (ਡੈਪੋ) ਵਜੋਂ ਹਲਫ਼ ਦਿਵਾਇਆ। ਇਸ ਮੌਕੇ ਉਹਨਾਂ ਆਪੋ-ਅਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਲ-ਨਾਲ ਅਪਣੇ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦਾ ਸੱਦਾ ਵੀ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਨਸ਼ਿਆਂ ਦਾ ਲੱਕ ਤੋੜਨ ਦੀ ਸਹੁੰ ਖਾਧੀ ਸੀ ਅਤੇ ਉਹਨਾਂ ਦੀ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮੁੱਖ ਮੰਤਰੀ ਨੇ ਚੁਣੇ ਹੋਏ ਮੈਂਬਰਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਹੁਣ ਇਸ ਲਾਹਨਤ ਦਾ ਖੁਰਾ-ਖੋਜ ਮਿਟਾ ਦੇਣ ਦੀ ਜ਼ਿੰਮੇਵਾਰੀ ਚੁਣੇ ਹੋਏ ਨੁਮਾਇੰਦਿਆਂ ਦੇ ਮੋਢਿਆਂ ਉਤੇ ਹੈ।  ਅਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਂ ਅਤੇ ਸਰਪੰਚਾਂ ਦੀ ਚੋਣ ਹੇਠਲੇ ਪੱਧਰ 'ਤੇ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਹੋਈ ਹੈ ਜੋ ਸਾਡੇ ਮੁਲਕ ਦਾ ਮਜ਼ਬੂਤ ਥੰਮ ਹੈ। ਉਹਨਾਂ ਕਿਹਾ ਕਿ ਕੁੱਝ ਸਿਆਸੀ ਪਾਰਟੀਆਂ ਵਲੋਂ ਪੰਚਾਇਤੀ ਚੋਣਾਂ ਵਿਚ ਗਲਤ ਹੱਥਕੰਡੇ ਵਰਤਣ ਦੇ ਬਾਵਜੂਦ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਦੇ ਉਲਟ ਇਸ ਵਾਰ ਸੂਬੇ ਵਿਚ ਚੋਣਾਂ ਅਮਨ-ਸ਼ਾਂਤੀ ਨਾਲ ਹੋਈਆਂ ਹਨ। 

ਇਸ ਤੋਂ ਪਹਿਲਾਂ ਪੰਚਾਂ, ਸਰਪੰਚਾਂ ਤੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਵਧਾਈ ਦਿੰਦਿਆਂ ਸੱਦਾ ਦਿਤਾ ਕਿ ਉਹ ਅਪਣੇ ਪਿੰਡਾਂ ਵਿਚ ਉਹਨਾਂ ਦੇ ਮੁਕਾਬਲੇ ਹਾਰੇ ਹੋਏ ਉਮੀਦਵਾਰਾਂ ਨੂੰ ਵੀ ਨਾਲ ਲੈ ਕੇ ਚੱਲਣ ਤਾਂ ਜੋ ਇਲਾਕੇ ਦਾ ਚੌਤਰਫ਼ਾ ਵਿਕਾਸ ਹੋ ਸਕੇ। ਬ੍ਰਹਮ ਮਹਿੰਦਰਾ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਮੈਂਬਰਾਂ ਨੂੰ ਸਿਆਸੀ ਵਲਗਣਾਂ ਤੋਂ ਅੱਗੇ ਵਧ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਦਾ ਵੀ ਸੱਦਾ ਦਿੱਤਾ। 

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤਾਂ, ਦਿਹਾਤੀ ਖੇਤਰਾਂ ਦੇ ਸਮੁਚੇ ਵਿਕਾਸ ਦੀ ਆਪਣੀ ਭੂਮਿਕਾ ਨੂੰ ਅੱਗੇ ਹੋ ਕੇ ਨਿਭਾਉਣ ਤਾਂ ਕਿ ਪਿੰਡਾਂ ਦੇ ਵਸਨੀਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮਿਲ ਸਕਣ ਅਤੇ ਸ਼ਹਿਰਾਂ 'ਚ ਆਵਾਸ ਕਰਨ ਦੀ ਹੋੜ 'ਤੇ ਰੋਕ ਲੱਗ ਸਕੇ। ਜੰਗਲਾਤ ਤੇ ਸਮਾਜਿਕ ਨਿਆਂ ਤੇ ਘੱਟ ਗਿਣਤੀ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੇ ਹਨ

ਅਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਸੂਬੇ ਲਈ ਕੋਈ ਵਿਸ਼ੇਸ਼ ਪੈਕੇਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਕੋਈ ਫੰਡ ਲੈਣ ਵਿਚ ਅਸਫ਼ਲ ਹੋਏ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਜ਼ਿਲਾ ਪਟਿਆਲਾ ਦੀਆਂ 1036 ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ 6299 ਪੰਚਾਇਤ ਮੈਂਬਰਾਂ, ਜ਼ਿਲਾ ਪ੍ਰੀਸ਼ਦ ਪਟਿਆਲਾ ਦੇ 25 ਮੈਂਬਰਾਂ ਤੇ 9 ਬਲਾਕ ਸੰਮਤੀਆਂ ਦੇ 193 ਮੈਂਬਰਾਂ ਸਮੇਤ ਜ਼ਿਲਾ ਫ਼ਤਹਿਗੜ ਸਾਹਿਬ ਦੀਆਂ ਗ੍ਰਾਮ ਪੰਚਾਇਤਾਂ ਦੇ 426 ਸਰਪੰਚਾਂ ਅਤੇ 2433 ਪੰਚਾਇਤ ਮੈਂਬਰਾਂ ਸਮੇਤ ਜ਼ਿਲਾ ਪ੍ਰੀਸ਼ਦ ਫ਼ਤਹਿਗੜ ਸਾਹਿਬ ਦੇ 10 ਮੈਂਬਰਾਂ ਅਤੇ 5 ਬਲਾਕ ਸੰਮਤੀਆਂ ਦੇ 77 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਇਸ ਸਹੁੰ ਚੁੱਕ ਸਮਾਗਮ ਵਿਚ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਫ਼ਤਹਿਗੜ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਲਕਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ.ਸਮੇਤ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਸਮੇਤ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।