ਜਾਣੋ ਕਿਉਂ ਦਾਦੂਵਾਲ ਨੇ ਰਾਮੂਵਾਲੀਆ ਦੀ ਕੀਤੀ ਸ਼ਲਾਘਾ 

ਏਜੰਸੀ

ਖ਼ਬਰਾਂ, ਪੰਜਾਬ

ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਨਗਰ ਕੀਰਤਨ ਸਜਾ ਰਹੇ 55 ਸਿੱਖਾਂ 'ਤੇ ਪੁਲਿਸ ਵੱਲੋਂ ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ....

File Photo

ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਨਗਰ ਕੀਰਤਨ ਸਜਾ ਰਹੇ 55 ਸਿੱਖਾਂ 'ਤੇ ਪੁਲਿਸ ਵੱਲੋਂ ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਯੂ. ਪੀ. ਦੇ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਦੀ ਸ਼ਲਾਘਾ ਕੀਤੀ ਹੈ। 

ਪ੍ਰੈੱਸ ਬਿਆਨ ਰਾਹੀਂ ਜਥੇ. ਦਾਦੂਵਾਲ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ 55 ਸਿੱਖਾਂ 'ਤੇ ਮੁਕੱਦਮੇ ਦਰਜ ਕੀਤੇ ਸਨ ਜਿਨ੍ਹਾਂ ਨੂੰ ਲੈ ਕੇ ਸਿੱਖ ਸੰਗਤਾਂ 'ਚ ਰੋਸ ਦੀ ਲਹਿਰ ਦੌੜ ਗਈ ਸੀ। ਉਨ੍ਹਾਂ ਕਿਹਾ ਕਿ ਯੂ. ਪੀ. 'ਚ ਪਿਛਲੀ ਸਮਾਜਵਾਦੀ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਉਕਤ ਪਰਚੇ ਰੱਦ ਕਰਵਾਉਣ ਲਈ ਪੂਰੇ ਯਤਨ ਕੀਤੇ

ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਅਤੇ ਪੁਲਿਸ ਅਫਸਰਾਂ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ, ਜਿਸ ਦੇ ਅਸਰ ਵਜੋਂ ਸਰਕਾਰ ਵੱਲੋਂ ਉਕਤ ਪਰਚੇ ਰੱਦ ਕਰ ਦਿੱਤੇ ਗਏ। ਜਥੇ. ਦਾਦੂਵਾਲ ਨੇ ਰਾਮੂਵਾਲੀਆ ਦੇ ਉਕਤ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਮੂਵਾਲੀਆ ਨੇ ਪਹਿਲਾਂ ਵੀ ਉੱਤਰ ਪ੍ਰਦੇਸ਼ ਦੇ ਮੰਤਰੀ ਅਹੁਦੇ 'ਤੇ ਰਹਿੰਦਿਆਂ ਉੱਥੋਂ ਦੀ ਜੇਲ੍ਹ 'ਚ ਲੰਬੇ ਸਮੇਂ ਤੋਂ ਨਜ਼ਰਬੰਦ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਵਾਇਆ ਗਿਆ ਸੀ ਤੇ ਹੁਣ ਉਕਤ ਕਾਰਜ ਨਾਲ ਸਿੱਖ ਜਗਤ 'ਚ ਉਨ੍ਹਾਂ ਦਾ ਸਨਮਾਨ ਹੋਰ ਵਧੇਗਾ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਉੱਤਰ ਪ੍ਰਦੇਸ਼ ਵਿਚ ਪੀਲੀਭੀਤ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੇ ਇਕ ਵਫਦ ਨੂੰ ਯਕੀਨ ਦਿਵਾਇਆ ਹੈ ਕਿ ਜਿਹਨਾਂ ਸਿੱਖਾਂ ਵਿਰੁੱਧ 29 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਨਗਰ ਕੀਰਤਨ ਕੱਢ ਕੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤੇ ਗਏ ਸਨ,

ਉਹਨਾਂ ‘ਤੇ ਦਰਜ ਸਾਰੇ ਮਾਮਲੇ ਵਾਪਸ ਲਏ ਜਾਣਗੇ। ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ ਦੀ ਅਗਵਾਈ ਵਿਚ ਇਕ ਵਫਦ ਵੀਰਵਾਰ ਨੂੰ ਪੀਲੀਭੀਤ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਨੂੰ ਮਿਲਿਆ ਸੀ। ਫੈਸਰ ਚੰਦੂਮਾਜਰਾ ਨੇ ਕਿਹਾ ਸੀ ਕਿ ਦੋਵੇਂ ਉੱਚ ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ 55 ਸਿੱਖਾਂ ਖ਼ਿਲਾਫ ਕਾਰਵਾਈ ਕਰਕੇ ਗਲਤੀ ਕੀਤੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਸੀ ਕਿ ਸਿੱਖ ਸ਼ਰਧਾਲੂ ਸ਼ਾਂਤਮਈ ਢੰਗ ਨਾਲ ਨਗਰ ਕੀਰਤਨ ਵਿਚ ਭਾਗ ਲੈ ਰਹੇ ਸਨ ਅਤੇ ਉਹਨਾਂ ਦੀ ਸ਼ਾਂਤੀ ਭੰਗ ਕਰਨ ਦੀ ਕੋਈ ਨੀਅਤ ਨਹੀਂ ਸੀ। ਉਹਨਾਂ ਇਹ ਵੀ ਭਰੋਸਾ ਦਿਵਾਇਆ ਹੈ ਕਿ 55 ਸਿੱਖਾਂ ਵਿਰੁੱਧ ਸਾਰੇ ਕੇਸ ਵਾਪਸ ਲੈ ਲਏ ਜਾਣਗੇ ਅਤੇ ਉਹਨਾਂ ਨੂੰ ਸਨਮਾਨਪੂਰਬਕ ਦੋਸ਼-ਮੁਕਤ ਕੀਤਾ ਜਾਵੇਗਾ।