ਕਿਸਾਨ ਮੋਰਚੇ ਤੋਂ ਪਰਤਦੇ ਸਮੇਂ ਇਕ ਹੋਰ ਕਿਸਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਮੋਰਚੇ ਤੋਂ ਪਰਤਦੇ ਸਮੇਂ ਇਕ ਹੋਰ ਕਿਸਾਨ ਦੀ ਮੌਤ

image

ਮਹਿਲ ਕਲਾਂ, 11 ਜਨਵਰੀ (ਸੇਖੋਂ): ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁਧ ਟਿਕਰੀ ਬਾਰਡਰ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਤੋਂ ਪਿੰਡ ਸਹਿਜੜਾ ਪਰਤਦੇ ਸਮੇਂ ਇਕ ਕਿਸਾਨ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ, ਇਕਾਈ ਸਹਿਜੜਾ ਦੇ ਪ੍ਰਚਾਰ ਸਕੱਤਰ ਰਾਮਪਾਲ ਸਿੰਘ (58) ਵਾਸੀ ਸਹਿਜੜਾ (ਬਰਨਾਲਾ) ਕਿਸਾਨੀ ਸੰਘਰਸ਼ ਦੌਰਾਨ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਸੀ, 3 ਜਨਵਰੀ ਨੂੰ ਉਹ ਟਿਕਰੀ ਬਾਰਡਰ ਦਿੱਲੀ ਵਿਖੇ ਕਿਸਾਨ ਅੰਦੋਲਨ ਵਿਚ ਭਾਗ ਲੈਣ ਲਈ ਗਿਆ । ਪੂਰਾ ਇਕ ਹਫ਼ਤਾ ਉਥੇ ਬਿਤਾਉਣ ਉਪਰੰਤ ਅੱਜ ਘਰ ਵਾਪਸ ਪਰਤਦੇ ਸਮੇਂ ਧਨੌਲਾ ਨੇੜੇ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ । ਪਿੰਡ ਪਹੁੰਚਣ ’ਤੇ ਜਥੇਬੰਦੀ ਆਗੂਆਂ ਅਤੇ ਪ੍ਰਵਾਰਕ ਮੈਂਬਰਾਂ ਨੇ ਜਦੋਂ ਉਸ ਦੀ ਜਾਂਚ ਕਰਵਾਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ । ਇਸ ਘਟਨਾ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਰਨੈਲ ਸਿੰਘ ਗਾਂਧੀ, ਮਨਜੀਤ ਸਿੰਘ ਸਹਿਜੜਾ, ਨਛੱਤਰ ਸਿੰਘ ਸਹੌਰ, ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਕੁਲਦੀਪ ਸਿੰਘ, ਕਰਮਜੀਤ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਰਾਮਪਾਲ ਸਿੰਘ ਦੇ ਪ੍ਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਸਾਰੀ ਕਰਜ਼ਾ ਮਾਫ਼, ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਮ੍ਰਿਤਕ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ।