ਦਿੱਲੀ ’ਚ ‘ਬਰਡ ਫ਼ਲੂ’ ਦੀ ਪੁਸ਼ਟੀ, ਦੇੇਸ਼ ਦੇ 10 ਸੂਬਿਆਂ ’ਚ ਫੈਲਿਆ ਬਰਡ ਫ਼ਲੂ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ’ਚ ‘ਬਰਡ ਫ਼ਲੂ’ ਦੀ ਪੁਸ਼ਟੀ, ਦੇੇਸ਼ ਦੇ 10 ਸੂਬਿਆਂ ’ਚ ਫੈਲਿਆ ਬਰਡ ਫ਼ਲੂ

image

ਭੋਪਾਲ ਲੈਬ ’ਚ ਭੇਜ ਸਾਰੇ ਅੱਠ ਨਮੂਨਿਆਂ ’ਚ ਵਾਇਰਸ ਦੀ ਪੁਸ਼ਟੀ

ਨਵੀਂ ਦਿੱਲੀ, 11 ਜਨਵਰੀ: ਬਰਡ ਫ਼ਲੂ 10 ਰਾਜਾਂ ਵਿਚ ਫੈਲ ਚੁਕਾ ਹੈ। ਇਨ੍ਹਾਂ ਰਾਜਾਂ ਵਿਚ ਏਵੀਅਨ ਫ਼ਲੂ ਦੀ ਪੁਸ਼ਟੀ ਹੋਈ ਹੈ। ਨਵੇਂ ਰਾਜ, ਜਿਥੇ ਬਰਡ ਫ਼ਲੂ ਦੇ ਕੇਸ ਸਾਹਮਣੇ ਆਏ ਹਨ, ਉਹ ਹਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਕਾਨਪੁਰ ਚਿੜੀਆਘਰ ਵਿਚ ਮਰੇ ਹੋਏ ਪੰਛੀਆਂ ਦੇ ਨਮੂਨਿਆਂ ਦੇ ਪਾਜ਼ੇਟਿਵ ਆਉਣ ਨਾਲ ਹੜਕੰਪ ਮਚ ਗਿਆ ਹੈ। ਉਤਰਾਖੰਡ ਦੇ ਕੋਟਦਵਾਰ ਅਤੇ ਦੇਹਰਾਦੂਨ ਜ਼ਿਲਿ੍ਹਆਂ ਵਿਚ ਕਾਵਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਇਸੇ ਤਰ੍ਹਾਂ ਹੋਰ ਖ਼ਬਰ ਅਨੁਸਾਰ ਭੋਪਾਲ ਪ੍ਰਯੋਗਸ਼ਾਲਾ ਨੂੰ ਭੇਜੇ ਗਏ ਸਾਰੇ ਅੱਠ ਨਮੂਨਿਆਂ ਵਿਚ ਇਨਫ਼ੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਵਿਚ ‘ਬਰਡ ਫ਼ਲੂ’ ਦੀ ਪੁਸ਼ਟੀ ਹੋ ਗਈ ਹੈ।
ਵਿਕਾਸ ਵਿਭਾਗ ਅਧੀਨ ਪਸ਼ੂ ਪਾਲਣ ਵਿਭਾਗ ਦੇ ਡਾ ਰਾਕੇਸ਼ ਸਿੰਘ ਨੇ ਦਸਿਆ ਕਿ ਮਯੂਰ ਵਿਹਾਰ ਫ਼ੇਜ਼ -3 ਪਾਰਕ ਦੇ ਚਾਰ ਨਮੂਨੇ, ਸੰਜੇ ਝੀਲ ਦੇ ਤਿੰਨ ਅਤੇ ਦੁਆਰਕਾ ਦੇ ਇਕ ਨਮੂਨੇ ਵਿਚ ‘ਏਵੀਅਨ ਫ਼ਲੂ’ ਲਾਗ ਦੀ ਪੁਸ਼ਟੀ ਹੋਈ ਹੈ। 
ਉਨ੍ਹਾਂ ਕਿਹਾ ਕਿ ਨਮੂਨਿਆਂ ਦੀ ਰੀਪੋਰਟ ਸੋਮਵਾਰ ਸਵੇਰੇ ਆਈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਮਯੂਰ ਫ਼ੇਜ਼-3 ਦੇ ਸੈਂਟਰਲ ਪਾਰਕ ਵਿਚ ਪਿਛਲੇ ਤਿੰਨ ਚਾਰ ਦਿਨਾਂ ਵਿਚ 50 ਦੇ ਕਰੀਬ ਕਾਂ ਮ੍ਰਿਤਕ ਮਿਲੇ ਹਨ।
ਦਿੱਲੀ ਦੀ ਸੰਜੇ ਝੀਲ ਨੂੰ ਐਤਵਾਰ ਨੂੰ 17 ਹੋਰ ਬਤਖਾਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ‘ਅਲਰਟ ਜ਼ੋਨ’ ਐਲਾਨ ਕਰ ਦਿਤਾ ਗਿਆ।
 ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਇਸ ਮਸ਼ਹੂਰ ਭੰਡਾਰ ਅਤੇ ਪਾਰਕ ਨੂੰ 10 ਬਤਖਾਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਸਨਿਚਰਵਾਰ ਨੂੰ ਬੰਦ ਕਰ ਦਿਤਾ ਸੀ।  (ਏਜੰਸੀ)
ਸਿੰਘ ਨੇ ਦਸਿਆ ਕਿ ਕੁਝ ਨਮੂਨੇ ਵੀ ਜਲੰਧਰ ਭੇਜੇ ਗਏ ਹਨ ਅਤੇ ਉਨ੍ਹਾਂ ਦੀ ਰੀਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਪਹਿਲਾਂ ਹੀ ਸਾਵਧਾਨੀ ਦੇ ਉਪਾਅ ਵਜੋਂ ਹੌਜ ਖਾਸ ਪਾਰਕ, ਦੁਆਰਕਾ ਸੈਕਟਰ -9 ਪਾਰਕ, ਹਸਤਾਲ ਪਾਰਕ ਅਤੇ ਸੰਜੇ ਝੀਲ ਨੂੰ ਬੰਦ ਕਰ ਦਿਤਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਦੱਖਣੀ ਦਿੱਲੀ ਵਿਚ ਪ੍ਰਸਿੱਧ ਹੌਜ ਖਾਸ ਪਾਰਕ ਨੂੰ ਬੰਦ ਕਰ ਦਿਤਾ ਗਿਆ ਹੈ, ਜੋ ਕਿ ਇਕ ਵੱਡਾ ਤਲਾਬ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਹਰ ਰੋਜ਼ ਇਸ ਨੂੰ ਦੇਖਣ ਆਉਂਦੇ ਹਨ। ਹਾਲਾਂਕਿ, ਅਜੇ ਤਕ ਕਿਸੇ ਪੰਛੀ ਦੀ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸ਼ਹਿਰ ਦੀ ਸਭ ਤੋਂ ਵੱਡੀ ਪੋਲਟਰੀ ਮਾਰਕੀਟ ਗਾਜ਼ੀਪੁਰ ਪੋਲਟਰੀ ਮਾਰਕੀਟ ਵੀ ਬੰਦ ਕਰ ਦਿਤੀ ਗਈ ਹੈ। (ਪੀਟੀਆਈ)