ਜ਼ਿਲ੍ਹਾ ਮੁਕਤਸਰ ਦੇ ਦੋ ਕਿਸਾਨਾਂ ਦੀ ਦਿੱਲੀ ਕਿਸਾਨ ਮੋਰਚੇ ਵਿਚ ਹੋਈ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਜ਼ਿਲ੍ਹਾ ਮੁਕਤਸਰ ਦੇ ਦੋ ਕਿਸਾਨਾਂ ਦੀ ਦਿੱਲੀ ਕਿਸਾਨ ਮੋਰਚੇ ਵਿਚ ਹੋਈ ਮੌਤ

image

ਮਲੋਟ, 11 ਜਨਵਰੀ (ਗੁਰਮੀਤ ਸਿੰਘ ਮੱਕੜ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਧਰਨੇ ’ਤੇ ਸੰਘਰਸ਼ ਕਰ ਰਹੇ ਜ਼ਿਲ੍ਹਾ ਮੁਕਤਸਰ ਨਾਲ ਸਬੰਧਤ ਦੋ ਕਿਸਾਨਾਂ ਦਿੱਲੀ ਮੋਰਚੇ ਦੌਰਾਨ ਮੌਤ ਹੋ ਗਈ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਚੱਲ ਰਹੇ ਧਰਨੇ ਤੋਂ ਪਿਛਲੇ ਹਫ਼ਤੇ ਬਿਮਾਰ ਹੋਣ ਦੇ ਚਲਦਿਆਂ ਵਾਪਸ ਆਏ ਪਿੰਡ ਅਬੁੱਲਖੁਰਾਣਾ ਦੇ ਕਿਸਾਨ ਰੁਪਿੰਦਰ ਸਿੰਘ ਦੀ ਇਲਾਜ ਦੌਰਾਨ ਲੁਧਿਆਣਾ ਦੇ ਇਕ ਨਿਜੀ ਹਸਪਤਾਲ ਵਿਚ ਮੌਤ ਗਈ। ਇਸ ਤੋਂ ਇਲਾਵਾਂ ਪਿੰਡ ਲੁੰਡੇਆਣਾ ਦੇ ਜਗਦੀਸ਼ ਸਿੰਘ ਨਾਮ ਦੇ ਇਕ ਕਿਸਾਨ ਦੀ ਠੰਢ ਕਾਰਨ ਟਿਕਰੀ ਬਾਰਡਰ ਉਤੇ ਵੀ ਮੌਤ ਹੋਈ ਹੈ। 
 ਜ਼ਿਕਰਯੋਗ ਹੈ ਕਿ ਕਿਸਾਨ ਰੁਪਿੰਦਰ ਸਿੰਘ ਲੰਮੇਂ ਸਮੇਂ ਤੋਂ ਕਿਸਾਨੀ ਸੰਘਰਸ਼ ਵਿਚ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਸੀ ਅਤੇ ਟਿਕਰੀ ਬਾਰਡਰ ’ਤੇ ਲਗਾਤਾਰ ਡਟੇ ਹੋਏ ਸੀ, ਜਿੱਥੇ ਕੁੱਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਸਨ, ਜਿਸ ਉਪਰੰਤ ਪਹਿਲਾਂ ਉਨ੍ਹਾਂ ਨੂੰ ਬਠਿੰਡਾ ਦੇ ਨਿਜੀ ਹਸਪਤਾਲ ਵਿਖੇ ਅਤੇ ਫਿਰ ਲੁਧਿਆਣਾ ਦੇ ਨਿਜੀ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਬੀਤੀ ਰਾਤ ਉਸ ਦੀ ਮੌਤ ਹੋ ਗਈ। 
ਇਸ ਮੌਕੇ ’ਤੇ ਪਿੰਡ ਵਾਸੀ ਹਰਵਿੰਦਰ ਸਿੰਘ ਕਾਕਾ ਬਰਾੜ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਕਿਸਾਨ ਰੁਪਿੰਦਰ ਸਿੰਘ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ, ਉਦੋਂ ਤੋਂ ਹੀ ਦਿੱਲੀ ਧਰਨੇ ’ਤੇ ਡਟਿਆ ਹੋਇਆ ਸੀ, ਜਿੱਥੇ ਉਹ ਪਿਛਲੇ ਦਿਨੀਂ ਠੰਢ ਲੱਗਣ ਕਾਰਨ ਬਿਮਾਰ ਹੋ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਅਤੇ ਫਿਰ ਲੁਧਿਆਣਾ ਦੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਗਈ ਸੀ। ਉਨ੍ਹਾਂ ਦਸਿਆ ਕਿ ਕਿਸਾਨ ਰੁਪਿੰਦਰ ਸਿੰਘ ਬਹੁਤ ਮਿਲਣਸਾਰ ਵਿਅਕਤੀ ਸਨ ਅਤੇ ਉਹ ਪਿੰਡ ਦੇ ਸਾਂਝੇ ਕੰਮਾਂ ਅਤੇ ਧਾਰਮਕ ਸਮਾਗਮਾਂ ਵਿਚ ਅਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਸਨ। ਇਲਾਕੇ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ, ਪਤਵੰਤੇ, ਆੜ੍ਹਤੀਏ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਕੁਲਵੀਰ ਸਿੰਘ ਸਰਾਂ ਨੇ ਉਨ੍ਹਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਫੋਟੋਫਾਇਲ ਨੰ:-11ਐਮਐਲਟੀ01
ਕੈਂਪਸ਼ਨ:-ਕਿਸਾਨ ਰੁਪਿੰਦਰ ਸਿੰਘ ਦੀ ਫ਼ਾਈਲ ਫ਼ੋਟੋ। 
ਤਸਵੀਰ:-ਗੁਰਮੀਤ ਸਿੰਘ ਮੱਕੜ, ਮਲੋਟ।