ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਅਤਿਵਾਦੀਆਂ ਦੇ ਦੋ ਸਾਥੀ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਅਤਿਵਾਦੀਆਂ ਦੇ ਦੋ ਸਾਥੀ ਗ੍ਰਿਫ਼ਤਾਰ
ਸ੍ਰੀਨਗਰ, 11 ਜਨਵਰੀ (ਸਰਬਜੀਤ ਸਿੰਘ) : ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਸਹਾਇਤਾ ਕਰਨ ਦੇ ਦੋਸ਼ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਫ਼ੌਜ ਅਤੇ ਸੀਆਰਪੀਐਫ਼ ਦੇ ਨਾਲ ਜੈਸ਼-ਏ-ਮੁਹੰਮਦ ਅਤਿਵਾਦੀਆਂ ਦੇ ਦੋ ਸਾਥੀਆਂ ਨੂੰ ਅਵੰਤੀਪੁਰਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ। ਇਹ ਲੋਕ ਅਤਿਵਾਦੀਆਂ ਨੂੰ ਪਨਾਹ, ਸਹਾਇਤਾ ਅਤੇ ਉਪਕਰਣ ਮੁਹਈਆ ਕਰਵਾਉਣ ਵਿਚ ਸ਼ਾਮਲ ਸਨ।
ਉਨ੍ਹਾਂ ਦਸਿਆ ਕਿ ਫੜੇ ਗਏ ਲੋਕ ਜ਼ਿਲ੍ਹੇ ਦੇ ਅਵੰਤੀਪੁਰਾ ਅਤੇ ਤ੍ਰਾਲ ਇਲਾਕਿਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਮੁਹਈਆ ਕਰਵਾਉਣ ਦੇ ਨਾਲ-ਨਾਲ ਜੈਸ਼ ਅਤਿਵਾਦੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਦਿੰਦੇ ਸਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੇਜਾਨਨ ਗੁਲਜ਼ਾਰ ਬੇਗ ਅਤੇ ਵਸੀਮ-ਉਲ-ਰਹਿਮਾਨ ਸ਼ੇਖ ਵਜੋਂ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਵੱਖ-ਵੱਖ ਸੋਸ਼ਲ ਮੀਡੀਆ ਫੋਰਮਾਂ ਰਾਹੀਂ ਪਾਕਿਸਤਾਨੀ ਅਤਿਵਾਦੀ ਕਮਾਂਡਰਾਂ ਨਾਲ ਸੰਪਰਕ ਵਿਚ ਸਨ। ਉਸ ਦੇ ਕਬਜ਼ੇ ਵਿਚੋਂ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। (ਪੀਟੀਆਈ)